Monday 7 December 2009

Dr. Sadhu Singh Hamdard

ਯਾਦਾਂ ਦੀ ਖ਼ੁਸ਼ਬੋ
*************

ਹਵਾ ਬੇਵਫ਼ਾਈ ਦੀ ਵਗਦੀ ਰਹੀ।
ਮੁਹੱਬਤ ਦੀ ਪਰ ਜੋਤ ਜਗਦੀ ਰਹੀ.

ਨਦੀ ਇਸ਼ਕ ਦੇ ਗ਼ਮ ਦੀ ਵਗਦੀ ਰਹੀ।
ਮਿਰੀ ਮੌਜ ਤੇ ਮੌਜ ਲਗਦੀ ਰਹੀ।

ਮਿਰੇ ਨਾਲ ਕਿਉਂ ਵੈਰ ਕਰਦਾ ਰਿਹਾ
ਜ਼ਮਾਨੇ ਨੂੰ ਕੀ ਮਾਰ ਵਗਦੀ ਰਹੀ।

ਤੂੰ ਹੁੰਦਾ ਗਿਆ ਹੋਰ ਨੇਡ਼ੇ ਮਿਰੇ
ਦਵੈਤੀ ਨੂੰ ਅਗ ਹੋਰ ਲਗਦੀ ਰਹੀ।

ਅਸੀਂ ਉਹਦੇ ਗੁੱਸੇ ਤੇ ਵੀ ਖੁਸ਼ ਰਹੇ।
ਅਦਾ ਇਹ ਵੀ ਜ਼ਾਲਮ ਦੀ ਠਗਦੀ ਰਹੀ।

ਕਿਸੇ ਤੋਂ ਵੀ ਖੁੱਲ੍ਹਾ ਨ ਉਲਫ਼ ਦਾ ਭੇਤ
ਇਹ ਅਗ ਅੰਦਰ-ਅੰਦਰ ਸੁਲਗਦੀ ਰਹੀ।

ਰਹੀ ਬੀਬੀਆਂ ਨੂੰ ਨਾ ਚੁੰਨੀ ਦੀ ਲਾਜ
ਨ ਮਰਦਾਂ ਨੂੰ ਹੁਣ ਸ਼ਰਮ ਪਗ ਦੀ ਰਹੀ।

ਜਿਨੂੰ ਦੁਸ਼ਮਣੀ ਸੀ ਮਿਰੀ ਜਾਨ ਨਾਲ
ਉਸੇ ਤੇ ਮੇਰੀ ਜਾਨ ਤਗਦੀ ਰਹੀ।

ਦਵੈਤੀ ਤੇ ਉਹ ਮੇਹਰ ਕਰਦੇ ਰਹੇ
ਮਿਰੇ ਚੋਟ ਤੇ ਚੋਟ ਲਗਦੀ ਰਹੀ।

ਕਿਸੇ ਵੀ ਨਿਭਾਈ ਨ ਉਲਫ਼ਤ ਦੀ ਰੀਤ
ਹਮੇਸ਼ਾ ਇਹੋ ਰੀਤ ਜਗ ਦੀ ਰਹੀ।

ਜਦੋਂ ਆ ਗਈ ਦਿਲ ਚ ਹਮਦਰਦ ਮੈਲ
ਚਮਕ ਫਿਰ ਨਾ ਕੁਝ ਦਿਲ ਦੇ ਨਗ ਦੀ ਰਹੀ।


ਯਾਦਾਂ ਦੀ ਖ਼ੁਸ਼ਬੋ
*************


ਬਹਾਦਰ ਜੋ ਮਰਨੇ ਤੋਂ ਡਰਦਾ ਨਹੀਂ ਹੈ।
ਜਦੋਂ ਮਰ ਉਹ ਜਾਏ ਤਾ ਮਰਦਾ ਨਹੀਂ ਹੈ।

ਵਿਗਡ਼ਨੇ ਦੀ ਚਿੰਤਾ ਜੋ ਕਰਦਾ ਨਹੀਂ ਹੈ।
ਕਦੇ ਵੀ ਉਹ ਬੰਦਾ ਸੰਵਰਦਾ ਨਹੀਂ ਹੈ।

ਗੁਜ਼ਰਦਾ ਉਹ ਭਾਵੇਂ ਨਜ਼ਰ ਆ ਰਹਿਆ ਏ
ਸਮਾਂ ਤੇਰੇ ਬਾਝੋਂ ਗੁਜ਼ਰਦਾ ਨਹੀਂ ਹੈ।

ਤਿਰੀ ਲੋਡ਼ ਏਧਰ ਤੇਰੀ ਲੋਡ਼ ਓਧਰ
ਤਿਰੇ ਬਾਝ ਕਿਧਰੇ ਸਰਦਾ ਨਹੀਂ ਹੈ।

ਓ ਚੁਕਦੇ ਨਹੀਂ ਘੁੰਡ ਪਰ ਕਹਿ ਰਹੇ ਨੇ
ਤਿਰੇ ਮੇਰੇ ਵਿਚ ਕੋਈ ਪਰਦਾ ਨਹੀਂ ਹੈ।

ਪਤੰਗਾ ਨ ਜਦ ਤੀਕ ਅਗ ਨਾਲ ਖੇਡੇ
ਕਲੇਜਾ ਪਤੰਗੇ ਦੀ ਠਰਦਾ ਨਹੀਂ ਹੈ।

ਮੁਹੱਬਤ ਦੀ ਰਸਤਾ ਅਨੋਖਾ ਹੈ ਜਿਸ ਵਿਚ
ਭਰੋਸਾ ਕਿਸੇ ਰਾਹਬਰ ਦਾ ਨਹੀਂ ਹੈ।

ਧੁਰੋਂ ਉਹਨੂੰ ਮਿਲਿਆ ਏ ਖ਼ਾਲੀ ਲਫ਼ਾਫ਼ਾ
ਕਸੂਰ ਇਹਦੇ ਵਿਚ ਨਾਮਾਬਰ ਦਾ ਨਹੀਂ ਹੈ।

ਰਕੀਬਾਂ ਨੇ ਕੀ ਫ਼ੈਜ਼ ਪਾਉਣਾ ਸੀ ਤੈਥੋਂ
ਕਦੇ ਪਾਣੀ ਵਿਚ ਲੋਹਾ ਤਰਦਾ ਨਹੀਂ ਹੈ।

ਪਿਲਾਏ ਨੇ ਸਾਕੀ ਨੇ ਭਰ ਕਰ ਪਿਆਲੇ
ਮਿਰਾ ਦਿਲ ਅਜੇ ਤੀਕ ਭਰਦਾ ਨਹੀਂ ਹੈ।

ਅਮਰ ਹੋਣ ਦੀ ਚਾਹ ਹਮਦਰਦ ਮਾਰੇ
ਕਿਸੇ ਤੇ ਕੋਈ ਐਵੇਂ ਮਰਦਾ ਨਹੀਂ ਹੈ।


ਯਾਦਾਂ ਦੀ ਖ਼ੁਸ਼ਬੋ
*************


ਕਟਾਰਾਂ ਕਦੇ ਸਾਨ ਤੇ ਨਾ ਲਿਆ ਕਰ।
ਕਦੇ ਸਾਡੇ ਦਿਲ ਨੂੰ ਵੀ ਅਜ਼ਮਾ ਲਿਆ ਕਰ।

ਸੰਗਾਰਾਂ ਦੀ ਤੂੰ ਸ਼ਮਅ ਨਾ ਬਾਲਿਆ ਕਰ
ਅਸਾਨੂੰ ਨਾ ਏਦਾਂ ਸਦਾ ਜਾਲਿਆ ਕਰ।

ਕਿਆਮਤ ਨੂੰ ਸੱਦੇ ਨਾ ਐਵੇਂ ਦਿਆ ਕਰ
ਕਿਸੇ ਬੇਵਫ਼ਾ ਦੀ ਨ ਰਾਹ ਭਾਲਿਆ ਕਰ।

ਅਸਾਂ ਲਈ ਏ ਬਿਜਲੀਆਂ ਨਾਲ ਯਾਰੀ
ਤੂੰ ਫਿਕਰ ਆਪਣੇ ਗੁਲਸ਼ਨ ਦੀ ਰਖਵਾਲਿਆ ਕਰ।

ਅਸੀਂ ਵੀ ਕਦੇ ਵੇਖੀਏ ਚੰਨ ਦਾ ਚਡ਼੍ਹਨਾ
ਕਦੇ ਮੁਖ ਨੂੰ ਏਧਰ ਵੀ ਪਰਤਾ ਲਿਆ ਕਰ।

ਸਦਾ ਸਾਨੂੰ ਆ ਆ ਕੇ ਸਮਝਾਣ ਵਾਲੇ
ਕਦੇ ਆਪਣੇ ਦਿਲ ਨੂੰ ਵੀ ਸਮਝਾ ਲਿਆ ਕਰ।

ਅਸੀਂ ਵੀ ਕਦੇ ਕਿਰਦੇ ਫੁੱਲ ਵੇਖ ਲਈਏ
ਜਰਾ ਹੱਸ ਕੇ ਵੀ ਬੋਲਿਆ ਚਲਿਆ ਕਰ।

ਅਛਾਈ ਨ ਹਮਦਰਦ ਗ਼ੈਰਾਂ ਤੋਂ ਚਾਹੀ
ਬੁਰਾਈ ਵੀ ਉਸਤੋਂ ਤੂੰ ਨ ਭਾਲਿਆ ਕਰ।


ਯਾਦਾਂ ਦੀ ਖ਼ੁਸ਼ਬੋ
*************


ਮਜ਼ਾ ਉਹਨੂੰ ਮਿਲਦਾ ਨਹੀਂ ਜਿੰਦਗੀ ਦਾ
ਲਗਾਂਦਾ ਨਹੀਂ ਰੋਗ ਜੋ ਆਸ਼ਕੀ ਦਾ।

ਭਰੋਸਾ ਕਰਾਂ ਕੀ ਤਿਰੀ ਦੋਸਤੀ ਦਾ
ਭਰੋਸਾ ਨਹੀਂ ਹੈ ਕੋਈ ਜਿੰਦਗੀ ਦਾ।

ਸਦਾ ਯਾਦ ਰੱਖ ਇਹ ਸਬਕ ਆਸ਼ਕੀ ਦਾ
ਕਦੇ ਵੀ ਨਹੀਂ ਮੌਤ ਪਾਸੋਂ ਡਰੀਦਾ।

ਤਿਰੀ ਯਾਦ ਨੂੰ ਹੁਣ ਤਿਰੇ ਆਸ਼ਕਾਂ ਨੇ
ਬਣਾਇਆ ਏ ਸਾਥੀ ਗ਼ਮੀ ਦਾ ਖੁਸ਼ੀ ਦਾ।

ਬਣੀ ਹੋਵੇ ਜੇਕਰ ਤੇ ਸਭ ਯਾਰ ਬਣਦੇ
ਕੋਈ ਯਾਰ ਨਹੀਂ ਬਣਦਾ ਨਹੀਂ ਪਰ ਬਣੀ ਦਾ।

ਸਮਝ ਮੈਨੂੰ ਹਮਦਰਦ ਆਂਦੀ ਨਹੀਂ ਹੈ
ਕਿ ਦੁਸ਼ਮਣ ਹੈ ਕਿਉਂ ਆਦਮੀ ਆਦਮੀ ਦਾ।

No comments:

Post a Comment