Monday 25 January 2010

ਮਹਿਫਲਾਂ

ਨਾ ਜਾਣੇ ਕਿੰਨੇ ਰੁਝਾਣ ਜਿੰਦਗੀ ਨੂੰ ਉਲਝਾਈ ਰੱਖਦੇ
ਕੁਝ ਅਨੁਚਿਤ ਕੁਝ ਮੁਨਾਸਿਬ ਜਿਹੇ ਕੰਮ ਲਿਆਈ ਰੱਖਦੇ

ਦੋ ਟਕੇ ਮਹਿਫਲਾਂ ਵਿੱਚ ਬਕਵਾਸ ਸਹਿਣੀ ਪੈਂਦੀ,
ਖੁਸ਼ੀ ਦੇ ਮੌਕਿਆਂ ਨੂੰ ਕੁਝ ਲੋਕ ਛੁਪਾਈ ਰੱਖਦੇ

ਜਾਣ ਬੁੱਝਕੇ ਸਮੇਂ ਸਮੇਂ ਦੁਸ਼ਮਣਾਂ ਨੂੰ ਸਲਾਮ ਕਰੀਦਾ,
ਦੋਸਤ ਤਾਂ ਆਪਣੇ ਨਿੱਜੀ ਜਿਹੇ ਸਵਾਲ ਪਾਈ ਰੱਖਦੇ

ਇਨਸਾਫ਼ ਦੀ ਤਲਾਸ਼ ਵਿੱਚ ਨਿੱਕਲਣਾਂ ਇੱਥੇ ਅਕਲਮੰਦੀ ਨਹੀਂ,
ਚਾਂਦੀ ਦੇ ਚਮਕਦੇ ਛਿੱਲੜ ਇਸਦੇ ਧੱਜੇ ਉਡਾਈ ਰੱਖਦੇ

ਅਫ਼ਸੋਸ ਆਉਂਦਾ ਏ ਗਰੀਬ ਦੀਆਂ ਕੁਆਰੀਆਂ ਰੀਝਾਂ ਤੇ,
ਜਿੰਨ੍ਹਾਂ ਨੂੰ ਪੈਸੇ ਵਾਲੇ ਹਰ ਵਕਤ ਸੁਹਾਗਣਾਂ ਬਣਾਈ ਰੱਖਦੇ

ਸਮਾਜ ਦੇ ਠੇਕੇ ਵਾਲੇ ਸਾਡੇ ਅੱਖੀਂ ਘੱਟਾ ਪਾਕੇ,
ਪ੍ਰੇਮੀਆਂ ਨੂੰ ਅੱਡ ਕਰਨ ਦੇ ਬਹਾਨੇ ਬਣਾਈ ਰੱਖਦੇ

ਬਾਰਾਂ ਵਰ੍ਹੇ ਪਿੱਛੋਂ ਕਹਿੰਦੇ ਰੂੜੀ ਦੀ ਸੁਣੀ ਜਾਂਦੀ,
ਇੱਥੇ ਕਾਤਿਲ ਕਤਲ ਕਰਕੇ ਵੀ ਜਾਨ ਬਚਾਈ ਰੱਖਦੇ

ਮਿਲਣ ਦੀ ਉਮੀਦ ਵਿੱਚ ਉਮਰਾਂ ਤੱਕ ਲੰਘਾ ਦੇਵਾਂਗੇ,
ਹਾਲਾਤ ਉਲਝਣਾਂ ਨਾਲ ਰਲਕੇ ਆਸਾਂ ਪਾਣੀ ਪਾਈ ਰੱਖਦੇ

ਕਾਕਾ ਇੱਥੇ ਵਾੜ ਖੇਤ ਨੂੰ ਖਾਣਦੀਆਂ ਤਰਕੀਬਾਂ ਸੋਚੇ,
ਓਥੇ ਦੁਸ਼ਮਣ ਸਾਡੀ ਮੌਤ ਦੇ ਪਰਵਾਨੇ ਲਿਖਾਈ ਬੈਠੇ

ਇਸ਼ਕ ਤੇ ਇਨਕਲਾਬ

ਵੱਢਦੇ ਰਹੋ ਜਿੰਨਾ ਮਰਜੀ ਅਸੀਂ ਕਦੀ ਨਾ ਮੋਏ
ਇੱਕ ਵਾਰੀਂ ਵੱਢਿਓ ਫਿਰ ਉੱਗਣ ਵਾਲੇ ਅਸੀਂ ਹੋਏ

ਇਤਹਾਸ ਦੇ ਪੱਤਰੇ ਤਾਂ ਸਦਾ ਸੱਚ ਹੀ ਕਹਿੰਦੇ,
ਪੜ੍ਹ ਦੇਖੋ ਕਾਲੇ ਪੰਨੇ ਗੱਲ ਇਸਦਾ ਸਬੂਤ ਹੀ ਦਿੰਦੇ,
ਕਿੰਨੇ ਹੀ ਸਾਥੀ ਸੂਲੀ ਚੜ੍ਹਕੇ ਫਿਰ ਪੈਦਾ ਹੋਏ

ਹੋਣੀ ਨਾਲ ਸਿਰ ਟਕਰਾਕੇ ਬਰਬਾਦੀ ਦੀ ਭੱਠ ਸੜੇ,
ਜੁਲਮ ਦੀ ਹਨੇਰੀ ਝੁੱਲਦੀ ਅਸੀਂ ਖੜ੍ਹੇ ਦੇ ਖੜ੍ਹੇ,
ਟਹਿਕਦੇ ਰਹਿਣਾਂ ਅਸੀਂ ਭਾਵੇਂ ਪੱਟ ਦਿਓ ਜੜੀਂ ਟੋਏ

ਅਸੀਂ ਨੂਰ ਦੀਆਂ ਜੋਤਾਂ ਚਾਨਣ ਦੇ ਸੱਚੇ ਪ੍ਰਚਾਰਕ,
ਲਿਤਾੜਿਆਂ ਨੂੰ ਲੜਨ ਦਾ ਸਬਕ ਪੜ੍ਹਾਣ ਵਾਲੇ ਸੁਧਾਰਕ,
ਨਿਤਾਣਿਆਂ ਨੂੰ ਰੁਸ਼ਨਾਉਣ ਲਈ ਅਸੀਂ ਤਨ ਅੱਗੀਂ ਝੋਏ

ਪਰਲੋ ਤੱਕ ਅਸੀਂ ਰਹਿਣਾ ਤਕਦੀਰ ਬਦਲਣ ਦੇ ਹਾਮੀ,
ਲੜਦੇ ਰਹਿਣਾਂ ਮੋਰਚੇ ਵਿੱਚ ਦੂਰ ਕਰਨ ਲਈ ਗੁਲਾਮੀ,
ਸਾਡੀ ਜੰਗ ਦੇ ਨਾਹਰੇ ਇਸ਼ਕ ਤੇ ਇਨਕਲਾਬ ਦੋਏ

ਨਜ਼ਮ

ਟਿੱਬਿਆਂ ਉੱਤੇ ਉੱਗੀ ਬੇਰੀ ਦਾ ਫਲ ਕੋਈ ਖਾਣ ਨਹੀਂ ਜਾਂਦਾ
ਕੰਡੇ ਦੇਖਕੇ ਲੋਕ ਮੁੜ ਜਾਵਣ ਪੱਥਰ ਵੀ ਨਾ ਕੋਈ ਚਲਾਂਦਾ
ਮੇਰੇ ਟੁੱਟੇ ਦਿਲ ਦਾ ਹਾਲ ਉਸ ਬੇਰੀ ਨਾਲੋਂ ਤਨਹਾ ਤਨਹਾ
ਕੋਈ ਗੱਲ ਕਰਨ ਨੂੰ ਰਾਜੀ ਬੀਤੇ ਨਾ ਚੁੱਪ ਦਾ ਲਮਹਾ

ਮੈਨੂੰ ਕੋਹੜੀ ਮੇਰੇ ਗ਼ਮਾਂ ਨੇ ਕੀਤਾ ਜਦ ਦੋਸਤਾਂ ਦਗਾ ਕਮਾਇਆ
ਬਿਰਹੋਂ ਦੀਆਂ ਗੁੱਝੀਆਂ ਸੱਟਾਂ ਦੇਕੇ ਛੱਡ ਗਏ ਰੇਗਸਤਾਨੀ ਤ੍ਰਿਹਾਇਆ
ਅੱਖਾਂ ਮੇਰੀਆਂ ਵਿੱਚੋਂ ਖਾਰਾ ਜਿਹਾ ਪਾਣੀ ਹਰ ਵਕਤ ਵਗਦਾ ਰਹਿੰਦਾ
ਸੁੱਧ ਨਾ ਰਹਿੰਦੀ ਵਜੂਦ ਦੀ ਮਨ ਯਾਦਾਂ ਵਿੱਚ ਵਿਚਰਦਾ ਰਹਿੰਦਾ

ਮੈਂ ਤਾਂ ਗ਼ਮ ਗਲਤ ਕਰਨ ਲਈ ਪਿਆਲੇ ਨੂੰ ਸਾਥੀ ਬਣਾਇਆ
ਪਰ ਏਸ ਫ਼ਰੇਬੀ ਸ਼ਰਾਬ ਨੇ ਪੀੜ ਨੂੰ ਹੋਰ ਜਿਆਦਾ ਭੜਕਾਇਆ
ਰੋਗ ਕਸੂਤਾ ਬਿਰਹੋਂ ਦਾ ਅੰਦਰੇ ਅੰਦਰ ਮੈਨੂੰ ਘੁਣ ਵਾਂਗੂ ਖਾਵੇ
ਦੋਸਤ ਤਾਂ ਬੇਵਫ਼ਾ ਬਣੇ ਹੁਣ ਜ਼ਖਮਾਂ ਤੇ ਮੱਲ੍ਹਮ ਕੌਣ ਲਾਵੇ?

ਇਹ ਰੋਗ ਉੱਤਰਨਾ ਉਸ ਦਿਨ ਜਿੱਦਣ ਅਰਥੀ ਮੇਰੇ ਘਰੋਂ ਜਾਣੀ
ਗ਼ਮਾਂ ਦਾ ਭਾਰ ਹੌਲਾ ਹੋਣਾ ਜਦੋਂ ਖੱਫ਼ਣ ਦੀ ਚਾਦਰ ਤਾਣੀ
ਇੱਕ ਖਾਹਿਸ਼ ਪੂਰੀ ਕਰ ਦੇਵੇ ਜੋ ਚਿਤਾ ਨੂੰ ਅੱਗ ਲਾਏ
ਪੁੱਛ ਲੈਣਾਂ ਖੱਲ ਦੀ ਜੁੱਤੀ ਸ਼ਾਇਦ ਬੇਵਫ਼ਾ ਦੇ ਕੰਮ ਆਏ

ਤੇਰੇ ਗ਼ਮ ਨੂੰ ....!

ਜੀਅ ਕਰਦਾ ਤੇਰੇ ਗ਼ਮ ਨੂੰ ਦਿਲ ਵਿੱਚ ਸਮੋ ਲਵਾਂ।
ਜਾਂ ਤੇਰਾ ਸਿਤਮ ਯਾਦ ਕਰਕੇ ਥੋੜਾ ਰੋ ਲਵਾਂ।
ਅੱਖਾਂ ਵਿੱਚ ਵੱਸਦੀ ਸਨਮ ਹਰ ਵਕਤ ਸੂਰਤ ਤੇਰੀ
ਕਿਸ ਤਰਾਂ ਭੁਲਾਕੇ ਤੇਰੀ ਯਾਦ ਹੌਲਾ ਹੋ ਲਵਾਂ।

ਮੇਰੇ ਨਸੀਬਾਂ ਵਿੱਚ ਦਰਦ ਦੇ ਸਿਵਾ ਕੁਝ ਨਹੀਂ
ਦਾਗ ਤੇਰੇ ਦਾਮਨ ਦੇ ਹੰਝੂਆਂ ਨਾਲ ਧੋ ਲਵਾਂ।
ਤੇਰੇ ਨਾਲ ਲਾਕੇ ਦਿਲ ਮੈਂ ਸੱਚ ਜਾਣਿਆ ਇਹ
ਗ਼ਮਾਂ ਨੂੰ ਮੋਤੀ ਸਮਝਕੇ ਗੀਤਾਂ ਦੇ ਹਾਰ ਪਰੋ ਲਵਾਂ।



ਭੇਤੀ ਦਿਲ ਦੇ ਹੀ ਜਦ ਦੇ ਗਏ ਧੋਖਾ
ਮੈਂ ਹੱਸਦਾ ਦੁਨੀਆਂ ਲਈ ਦਰਦ ਸੀਨੇ ਲੁਕੋ ਲਵਾਂ।
ਬਾਹਰ ਸੁੱਟਦਾ ਹਾਂ ਤਾਂ ਕਿਸੇ ਨੂੰ ਘਾਇਲ ਕਰਨਗੇ
ਕੰਡਿਆਂ ਨੂੰ ਫੁੱਲ ਸਮਝਕੇ ਪੋਟਿਆਂ ਵਿੱਚ ਚੁਭੋ ਲਵਾਂ।


ਚਾਹਤ ਦੇ ਸਮੁੰਦਰ ਵਿੱਚ ਅਜੇ ਵੀ ਠਾਠਾਂ ਮਾਰ ਰਹੇ
ਕਰਕੇ ਦਿਲ ਕਰੜਾ ਭਾਵਨਾਵਾਂ ਨੂੰ ਅੰਦਰੇ ਸੰਜੋ ਲਵਾਂ।

Monday 4 January 2010

ਅਣਭੋਲ ਇਸ਼ਕ

ਇਸ਼ਕ ਦੇ ਬੂਟੇ ਦੇ ਉੱਤੇ ਅਰਮਾਨਾਂ ਦੇ ਫ਼ੁੱਲ ਖਿੜੇ।
ਆਸਾਵਾਂ ਦੀ ਵੇਲ ਲੰਮੀ ਇਸਤੇ ਹੱਸ ਹੱਸ ਚੜ੍ਹੇ।

ਸਰੀਰ ਤੱਕ ਦੀ ਸੁੱਧ ਗੁਆਚੀ ਮੁਹੱਬਤ ਯਾਦ ਰਹਿੰਦੀ
ਕਦ ਬੈਠਣ ਦਾ ਵੇਲਾ ਤੇ ਕਦ ਖੜ੍ਹੇ ਖੜ੍ਹੇ।
ਹੁਣ ਸਹੀ ਪਰਖ ਹੈ ਆਈ ਇਸ ਜਿੰਦਗੀ ਦੀ
ਦਿਨ ਰਾਤ ਕਰਨ ਅਰਦਾਸਾਂ ਬਦਕਿਸਮਤੀ ਦੀ ਨਾਗਣ ਲੜੇ।

ਖੁਸ਼ਬੂ ਜਿਹੀ ਫੈਲੀ ਫ਼ਿਜ਼ਾ ਵਿੱਚ ਭਿੰਨੀ ਭਿੰਨੀ
ਜਿਸ ਦਿਨ ਆਸ਼ਿਕ ਮਾਸ਼ੂਕ ਦਾ ਖਤ ਪੜ੍ਹੇ।
ਕੰਨਾਂ ਵਿੱਚ ਅਨਹਦ ਨਾਦ ਗੂੰਜਣ ਲਗਦਾ
ਜਦ ਵੀ ਉਸਦੇ ਨਾਲ ਬੋਲ ਸਾਂਝੇ ਕਰੇ।

ਹਰ ਸ਼ੈਅ ਵਿੱਚੋਂ ਉਹਦੀ ਸ਼ਖਸ਼ੀਅਤ ਝਲਕ ਮਾਰਦੀ
ਰਾਤਾਂ ਨੂੰ ਉਸਦੇ ਸੁਫ਼ਨੇ ਨੀਂਦ ਤੋੜ ਆਉਣ ਬੜੇ।
ਹਾਇ ਉਸਨੂੰ ਛੂਹਕੇ ਇੱਕ ਵਾਰ ਦੋ ਪਲ ਲਈ
ਦਿਲ ਕਿਲਕਾਰੀਆਂ ਮਾਰ ਮਾਰ ਨੱਚਣ ਨੂੰ ਕਰੇ।

ਰਾਤ ਬਰਾਤੇ

ਪੁੱਛੋ ਨਾ ਮੈਨੂੰ ਕਿੱਧਰੋਂ ਆ ਰਿਹਾਂ।
ਕਿੰਨੀ ਕੁ ਪੀਕੇ ਗ਼ਮ ਸੁਣਾ ਰਿਹਾਂ।

ਜੇ ਥੋੜੀ ਜਿਹੀ ਸ਼ਰਾਬ ਪੀ ਲੈਂਦਾ ਹਾਂ
ਝੂਠ ਭੁਲਾਕੇ ਮੂੰਹੋਂ ਸੱਚ ਕਹਿੰਦਾ ਹਾਂ
ਸੋਫੀ ਵੇਲ਼ੇ ਦੇ ਹਾਸੇ ਉੱਡ ਜਾਂਦੇ
ਝੱਲੀਆਂ ਪੀੜਾਂ ਦਾ ਹਾਲ ਸੁਣਾ ਰਿਹਾਂ।

ਪੀਤੇ ਜਾਮ ਤਾਂ ਅਣਗਿਣਤ ਹੋ ਤੁਰਦੇ
ਯਾਰ ਬੋਤਲਾਂ ਦੀ ਗਿਣਤੀ ਕਰਨੋਂ ਡਰਦੇ
ਹੋਕੇ ਮੈਂ ਸ਼ਰਾਬੀ ਹੋਸ਼ ਆਪਣੇ ਗੁਆਕੇ
ਤੇਰੀ ਬੇਵਫ਼ਾਈ ਦਾ ਗੀਤ ਗੁਣਗੁਣਾ ਰਿਹਾਂ।

ਡੇਰਾ ਆਪਣਾ ਲੱਭਦਾ ਤੇਰੇ ਮੁਹੱਲੇ ਵੜਦਾ
ਘਰ ਤੇਰਾ ਪਛਾਣਕੇ ਮੈਂ ਪਿੱਛੇ ਖੜ੍ਹਦਾ
ਕਦਮ ਲੜਖੜਾ ਜਾਂਦੇ ਕਦੀ ਡਿੱਗ ਪੈਂਦਾ
ਥੱਕੇ ਕਲਮ ਨਾਲ ਗੀਤ ਸਜਾ ਰਿਹਾਂ।

ਜਗਦੀ ਲਾਲਟੈਣ ਲੈਕੇ ਮਾਂ ਮੈਨੂੰ ਲੱਭਦੀ
ਚੌਰਾਹੇ ਤੇ ਡਿੱਗੇ ਪਏ ਦਾ ਚੇਹਰਾ ਤੱਕਦੀ
ਉਹ ਮੇਰੀ ਜਿੰਦਾ ਲਾਸ਼ ਤੇ ਵੈਣ ਪਾਉਂਦੀ
ਮੈਂ ਹਿਚਕੀਆਂ ਲੈਕੇ ਵਰਤਮਾਨ ਭੁਲਾ ਰਿਹਾਂ।

ਇਸ਼ਕ ਦੀ ਸਾਲਗਿਰਹ

ਇਸ਼ਕ ਦੀ ਪਹਿਲੀ ਸਾਲਗਿਰਹ ਤੇ ਤੈਨੂੰ ਕੀ ਦੇਵਾਂ ਤੋਹਫ਼ਾ।
ਇਸ ਗਰੀਬ ਦੇ ਕੋਲ ਹੀਰੇ ਖ੍ਰੀਦਣ ਲਈ ਨਹੀਂ ਕੁਝ ਨਹੀਂ ਬਚਿਆ।

ਇੱਕ ਹੱਸਦੇ ਹੋਏ ਭਵਿੱਖ ਦਾ ਸੁਫਨਾ ਮੇਰੇ ਕੋਲ
ਦਰਦਾਂ ਵਿੱਚੋਂ ਨਿੱਸਰੇ ਹੋਏ ਮੁਸਕਰਾਉਂਦੇ ਗੀਤ ਮੇਰੇ ਕੋਲ
ਖਾਲੀ ਜੇਬ ਤੋਂ ਬਾਦ ਮੇਰੇ ਕੋਲ ਦਿਲ ਰਿਹਾ।

ਇਹ ਵਾਅਦਾ ਦੇਵਾਂ ਤੈਨੂੰ ਅੱਜ ਸਦਾ ਪਿਆਰ ਕਰਦਾ ਰਹਾਂਗਾ
ਸਾਰੀ ਉਮਰ ਦੁੱਖ ਸੁੱਖ ਦਾ ਤੇਰਾ ਸਾਥੀ ਬਣਕੇ ਰਹਾਂਗਾ
ਤੇਰੇ ਤੋਂ ਜੁਦਾ ਹੋਣ ਦਾ ਕਦੀ ਆਵੇਗਾ ਨਾ ਸੁਫ਼ਨਾ।

ਜੇ ਤੋਹਫ਼ਾ ਹੈ ਕਬੂਲ ਆਜਾ ਪਹਿਲੀ ਸਾਲਗ੍ਰਿਹ ਮਨਾਈਏ
ਇਸ਼ਕ ਦੇ ਗੁਲਦਸਤੇ ਵਿੱਚ ਆਸ਼ਾਵਾਂ ਦੇ ਫ਼ੁੱਲ ਸਜਾਈਏ
ਸਾਡੇ ਦੋਹਾਂ ਕੋਲ ਅੱਗੇ ਜਾਣ ਲਈ ਐਨਾਂ ਮੌਕਾ ਹੈ ਪਿਆ।