Tuesday, 9 February 2010

ਗੱਦਾਰ ਮਸੀਹਾ

ਅੱਜ ਗਰੀਬਾਂ ਦੀ ਗੱਲ ਸੁਣਨੋਂ ਬੋਲ਼ਾ
ਸੋਨੇ ਦੇ ਰੱਥਾਂ ਤੇ ਕਰਦਾ ਸਵਾਰੀ,
ਉਹ ਭੁੱਲ ਗਿਆ ਵਿਚਾਰ ਹੀ ਆਪਣੇ
ਦੁਖੀ ਦਿਲਾਂ ਤੇ ਮਾਰਦਾ ਚੋਟ ਭਾਰੀ,
ਅਰਦਾਸ ਕਰਦੇ ਹੱਥਾਂ ਨੂੰ ਅਣਗੌਲਿਆਂ ਕਰੇ
ਉਹਦੇ ਸਾਮਣੇ ਜਨਤਾ ਕਰੇਗੀ ਕੀ ਵਿਚਾਰੀ,
ਜਿਹੜਾ ਜਾਲਮ ਦਾ ਰੱਖਿਅਕ ਬਣਿਆ ਫਿਰਦਾ

ਉਸ ਮਸੀਹੇ ਨੂੰ ਮੈਂ ਕੀ ਆਖਾਂ।

ਉੱਬਲਦੇ ਦੇਗਾਂ ਵਿੱਚ ਰਿੱਝਦੇ ਮਨੁੱਖੀ ਸਰੀਰ
ਚਰਖੜੀਆਂ ਚੜਨ ਤੋਂ ਗੁਜਰਿਆ ਹੋਇਆ ਜਮਾਨਾ,
ਸੂਲੀ ਚੜ੍ਹਾਉਣ ਦੀ ਰੀਤ ਗਈ ਬੀਤੀ
ਕੰਧੀਂ ਚਿਣਨ ਦਾ ਹੋਇਆ ਰਿਵਾਜ ਪੁਰਾਣਾ,
ਘੁਲਾੜੀ ਵਿੱਚ ਪਿੜ ਜਾਵਾਂ ਬਿਨਾਂ ਸੋਚੇ
ਜ਼ਹਿਰ ਦਾ ਪਿਆਲਾ ਵੀ ਨਹੀਂ ਅਣਜਾਣਾ,
ਜਿਹੜਾ ਬਿਨਾ ਢੱਟ ਲਗਾਏ ਮਾਰ ਰਿਹਾ

ਉਸ ਮਸੀਹੇ ਨੂੰ ਮੈਂ ਕੀ ਆਖਾਂ।

ਝੁਕ ਗਿਆ ਸੋਨੇ ਦੇ ਛੱਤਰ ਥੱਲੇ
ਲੈ ਲਈ ਇਸਨੇ ਬੁੱਚੜਾਂ ਦੀ ਸਰਦਾਰੀ,
ਪਹਿਲਾਂ ਜਾਲਮਾਂ ਦੇ ਤਸੀਹੇ ਝੱਲਦਾ ਸੀ
ਹੁਣ ਮਸੀਹੇ ਦੇ ਚਾਬੁਕਾਂ ਦੀ ਵਾਰੀ,
ਮੈਂ ਖੁਦ ਤੇ ਪੂਰਾ ਕਾਬੂ ਰੱਖਕੇ
ਸਹਿ ਰਿਹਾ ਹਾਂ ਮਸੀਹੇ ਦੀ ਗੱਦਾਰੀ,
ਜਿਹੜਾ ਲਹੂ ਦੀਆਂ ਬੂੰਦਾਂ ਲਈ ਤਰਸੇ

ਉਸ ਪਪੀਹੇ ਨੂੰ ਮੈਂ ਕੀ ਆਖਾਂ।

No comments:

Post a Comment