(ਮਾਝੇ ਦੇ ਇੱਕ ਪਿੰਡ ਵਿੱਚ)
ਸਾਉਣ ਮਾਹ, ਝਡ਼ੀਆਂ ਗਰਮੀ ਝਾਡ਼ ਸੁੱਟੀ,
ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ।
ਰਾਹ ਰੋਕ ਲਏ ਛੱਪਡ਼ਾਂ-ਟੋਭਿਆਂ ਨੇ,
ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ।
ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ।
ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀਂ,
ਚਡ਼੍ਹੀਆਂ ਸਬਜ਼ੀਆਂ ਨੂੰ ਗਿਠ ਗਿਠ ਲਾਲੀਆਂ ਨੇ।
ਤਿਡ਼੍ਹਾਂ ਤਿਡ਼ਕੀਆਂ, ਪੱਠਿਆਂ ਲਹਿਰ ਲਾਈ,
ਡੰਗਰ ਛਡ ਦਿੱਤੇ ਖੁਲ੍ਹੇ ਪਾਲੀਆਂ ਨੇ।
ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ,
ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ।
ਪੇਕੀਂ ਬੈਠੀਆਂ ਤਾਈਂ ਦਿਹਾਰ ਆਏ,
ਤੇ ਸ਼ਿੰਗਾਰ ਲਾਏ ਸਹੁਰੀ ਆਈਆਂ ਨੇ।
ਵੰਗਾਂ ਚੂਡ਼ੀਆਂ ਪਹਿਨੀਆਂ ਕੁਆਰੀਆਂ ਨੇ,
ਰੰਗ ਚੁੰਨੀਆਂ, ਮਹਿੰਦੀਆਂ ਲਾਈਆਂ ਨੇ।
ਖੀਰਾਂ ਰਿੱਝੀਆਂ, ਪੂਡ਼ੀਆਂ ਡੰਝ ਲਾਹੀ,
ਕੁਡ਼ੀਆਂ ਵਹੁਟੀਆਂ ਨੇ ਪੀਘਾਂ ਪਾਈਆਂ ਨੇ।
ਗਿੱਧੇ ਵੱਜਦੇ ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਸੌਚੀਂ ਖੇਡਦੇ ਗਭਰੂ ਪਿਡ਼ਾ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾ ਲਾਉਂਦੇ ਨੇ।
ਲੋਕੀਂ ਖੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ,
ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ।
(ਚੰਦਨਵਾਡ਼ੀ ਵਿੱਚੋਂ)
ਤੂਡ਼ੀ ਤੰਦ ਸਾਂਭ ਹਾਡ਼ੀ ਵੇਚ ਵੱਟ ਕੇ,
ਲੰਬਡ਼ਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ ਤੇ ਸਿਆਡ਼ ਕੱਢ ਕੇ,
ਮਾਲ ਢਾਂਡਾ ਸਾਂਭਣੇ ਨੂੰ ਚੂਹਡ਼ਾ ਛੱਡ ਕੇ।
ਪੱਗ ਝੱਗਾ ਚਾਦਰਾ ਨਵੇਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਹਾਣੀਆਂ ਦੀ ਢਾਣੀ ਵਿਚ ਲਾਡ਼ਾ ਸੱਜਦਾ,
ਬੱਘ ਬੱਘ ਬੱਘ ਬੱਲੇ ਸ਼ੇਰ ਗੱਜਦਾ।
ਹੀਰੇ ਨੂੰ ਅਰਕ ਨਾਲ ਹੁੱਜਾਂ ਮਾਰਦਾ,
ਸੈਨਤਾਂ ਦੇ ਨਾਲ ਰਾਮੂ ਨੂੰ ਵੰਗਾਰਦਾ।
ਚੰਗੀ ਜੇਹੀ ਸੱਦ ਲਾ ਦੇ, ਬੱਲੇ ਬੇਲੀਆ,
ਤੂੰਬਾ ਜਰਾ ਖੋਲ੍ਹ ਖਾਂ, ਜੁਆਨਾ ਤੇਲੀਆ।
ਸਰੂ ਵਾਂਗ ਝੂਲ ਵੰਝਲੀ ਸੁਣਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਤੂੰਬੇ ਨਾਲ ਭਾਂਤੋਂ ਭਾਂਤ ਬੋਲ ਬੋਲੀਆਂ,
ਹਾਡ਼੍ਹ ਵਿੱਚ ਜੱਟਾਂ ਨੇ ਮਣਾਈਆਂ ਹੋਲੀਆਂ।
ਛਿੰਜ ਦੀ ਤਿਆਰੀ ਹੋਈ ਢੋਲ ਵੱਜਦੇ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ।
ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ,
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ।
ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
ਵਾਰੀ ਹੁਣ ਆ ਗਈ ਜੇ ਖਾਣ ਪੀਣ ਦੀ,
ਰੇਉਡ਼ੀਆਂ ਜਲੇਬੀਆਂ ਦੇ ਆਹੂ ਲਾਹਣ ਦੀ।
ਹੱਟੀਆਂ ਦੇ ਵੱਲ ਆ ਪਏ ਨੇ ਟੁੱਟ ਕੇ,
ਹੂੰਝ ਲਈਆਂ ਥਾਲੀਆਂ ਜੁਆਨਾਂ ਜੁੱਟ ਕੇ।
ਖੁਲ੍ਹ ਗਈਆਂ ਬੋਤਲਾਂ ਗਲਾਸ ਫਿਰਿਆ,
ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ।
ਬੁੱਕਾਂ ਤੇ ਕਮੀਣਾਂ ਨੂੰ ਮਜ਼ਾ ਚਖਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
(ਚੰਦਨਵਾਡ਼ੀ ਵਿਚੋਂ)
ਕਹੋ ਤਾਂ ਦਿਲ ਦੀਆਂ ਬੇਸੁਰਤ ਤਰਬਾਂ ਜਗਾ ਦੇਵਾਂ,
ਹਸਰਤਾਂ ਲੁਕਵੀਆਂ ਦੇ ਢੇਕ ਤੋਂ ਪਡ਼ਦਾ ਹਟਾ ਦੇਵਾਂ।
ਜਿਨ੍ਹਾਂ ਮੂੰਹਬੰਦ ਕਲੀਆਂ ਵਿੱਚ ਵਸਦੀ ਹੈ ਮੇਰੀ ਦੁਨੀਆਂ,
ਉਨ੍ਹਾਂ ਦੀ ਮੂੰਹ ਖੋਲ੍ਹ ਦੇਵਾਂ ਉਮੰਗਾਂ ਸਭ ਸੁਣਾ ਦੇਵਾਂ।
ਏ ਜੀ ਕਰਦਾ ਹੈ, ਤੇਰੀ ਪ੍ਰੀਤ-ਵੀਣਾ ਨੂੰ ਰਹਾਂ ਸੁਣਦਾ।
ਤੇ ਉਸ ਦੇ ਲੋਰ ਅੰਦਰ ਦੀਨ ਦੁਨੀਆਂ ਨੂੰ ਭੁਲਾ ਦੇਵਾਂ।
ਵਲੇਵੇਂ ਬੇਥਵ੍ਹੇ ਜੋ ਪਾ ਰੱਖੇ ਤੇਰੀ ਮੁਹੱਬਤ ਨੇ,
ਉਨ੍ਹਾਂ ਵਿਚ ਸਾਰੀਆਂ ਆਸਾਂ ਉਮੈਦਾਂ ਨੂੰ ਲੁਕਾ ਦੇਵਾਂ।
ਜੋ ਤੇਰੇ ਸ਼ਰਬਤੀ ਨੈਣਾਂ ਚੋਂ ਨੈਂ ਮਸਤੀ ਦੀ ਵਹਿੰਦੀ ਏ,
ਉਦ੍ਹੇ ਅੰਦਰ ਗ਼ਮਾਂ ਫ਼ਿਕਰਾਂ ਨੂੰ ਚੁਣ ਚੁਣ ਕੇ ਰੁਡ਼੍ਹਾ ਦੇਵਾਂ।
ਅਤਰ ਦੀਆਂ ਭਿੰਨੀਆਂ ਮੁਸ਼ਕੀ ਲਿਟਾਂ ਦੀ ਰਾਤ ਲੰਮੀ ਵਿਚ,
ਭਟਕਦੇ ਦਿਲ ਦੀਆਂ ਰੀਝਾਂ ਨੂੰ ਥਾਪਡ਼ ਕੇ ਸੁਆ ਦੇਵਾਂ।
ਜੋ ਇੰਦਰ ਦੇ ਸਿੰਘਾਸਣ ਤੇ ਹਵਾ ਰੁਮਕੇ ਸੁਅਰਗਾਂ ਦੀ,
ਤੇਰੇ ਭੋਲੇ ਜਿਹੇ ਮੁਖਡ਼ੇ ਦੇ ਹਾਸੇ ਤੋਂ ਘੁਮਾ ਦੇਵਾਂ।
ਕਸਮ ਹੈ ਤੇਰੇ ਨਿਰਛਲ ਪ੍ਰੇਮ ਦੀ, ਏਹੋ ਤਮੱਨਾ ਹੈ,
ਕਿ ਆਪਣੀ ਸ਼ਾਨ ਸ਼ੌਕਤ ਤੇਰੇ ਪੈਰਾਂ ਤੇ ਟਿਕਾ ਦੇਵਾਂ।
No comments:
Post a Comment