Monday, 7 December 2009

Amrita Pritam Poetry

ਅੱਜ ਆਖਾਂ ਵਾਰਿਸ ਸ਼ਾਹ ਨੂੰ

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ,
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਨ,
ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ,
ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ,
ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤਾ ਜ਼ਹਿਰ ਰੱਲਾ,
ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ,
ਜਿਥੇ ਵਜਦੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ,
ਰਾਂਝੇ ਦੇ ਸੱਬ ਵੀਰ ਅੱਜ ਭੁਲ ਗਏ ਉਸਦੀ ਜਾਚ,
ਧਰਤੀ ਤੇ ਲਹੂ ਵਸਿੱਆਕੱਬਰਾਂ ਪਈਆਂ ਚੋਣ,
ਪਰੀਤ ਦੀਆਂ ਸ਼ਹਿਜਾਦਿਆਂ ਅੱਜ ਵਿੱਚ ਮਜ਼ਾਰਾਂ ਰੋਣ,
ਅੱਜ ਸਭ ਕੈਦੋਂ’ ਬਣ ਗਏਹੁਸਨ ਇਸ਼ਕ ਦੇ ਚੋਰ,
ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ,
ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ

Charan singh shaheed

ਜਾਨਵਰਾਂ ਦੇ ਹਸਪਤਾਲ ਵਿਚ, ਬੁੱਧੂ ਖੋਤਾ ਲਿਆਇਆ,
ਡਾਕਦਾਰ ਨੇ ਦੇਖ ਬਿਮਾਰੀ, ਨੁਸਖਾ ਲਿਖ ਪਕਡ਼ਾਇਆ।
ਕਹਿਣ ਲੱਗਾ ਇਹ ਚੀਜ਼ਾਂ ਪੀਹ ਕੇ, ਇਕ ਨਲਕੀ ਵਿਚ ਪਾਈਂ,
ਨਲਕੀ ਇਸ ਦੀ ਨਾਸ ਵਿਚ ਰਖ, ਫੂਕ ਜ਼ੋਰ ਦੀ ਲਾਈਂ।
ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗਜ਼ ਵਿਚ ਜਾਊ,
ਤੇਰੇ ਇਸ ਖੋਤੇ ਨੂੰ, ਅਰਬੀ ਘੋਡ਼ੇ ਵਾਂਗ ਬਣਾਊ।
ਕੁਝ ਚਿਰ ਮਗਰੋਂ ਖਉਂ ਖਉਂ ਕਰਦਾ, ਬੁੱਧੂ ਮੁਡ਼ ਕੇ ਆਯਾ,
ਬਿੱਜੂ ਵਾਂਗੂ ਬੁਰਾ ਉਸ ਨੇ, ਹੈਸੀ ਮੂੰਹ ਬਣਾਯਾ।
ਡਾਕਦਾਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ,
ਹਾਸਾ ਰੋਕ ਪੁੱਛਿਆ, ਬੁੱਧੂ ਏਹ ਕੀ ਸ਼ਕਲ ਬਣਾਈ ?
ਕਹਿਣ ਲੱਗਾ ਹਟਕੋਰੇ ਲੈ ਕੇ, ਮੈਂ ਚੀਜ਼ਾ ਸਭ ਲਈਆਂ,
ਪੀਸ ਪੂਸ ਕੇ ਛਾਣ ਛੂਣ ਕੇ, ਜਦੋਂ ਟਿਚਨ ਕਰ ਲਈਆਂ।
ਨਲਕੀ ਵਿਚ ਪਾ, ਨਲਕੀ ਉਸ ਦੇ ਨਥਨੇ ਵਿਚ ਟਿਕਾਈ,
ਦੂਜੀ ਤਰਫੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਪਾਈ।
ਮੇਰੀ ਫੂਕ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ,
ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ।
ਅੱਲਾ ਬਖਸ਼ੇ, ਫੂਕ ਉਸ ਦੀ ਵਾਂਗ ਹਨੇਰੀ ਆਈ।
ਨਲਕੀ ਭੀ ਲੰਘ ਜਾਣੀ ਸੀ, ਮੈਂ ਫਡ਼ ਕੇ ਮਸਾਂ ਬਚਾਈ।
ਉਸ ਦੀ ਸੁਣਕੇ ਗੱਲ ਡਾਕਦਾਰ ਹੱਸ ਹੱਸ ਦੂਹਰਾ ਹੋਯਾ,
ਹਸਦੇ ਰੋਂਦੇ ਦੇਖ ਦੋਹਾਂ ਨੂੰ 'ਸੁਥਰਾ' ਭੀ ਮੁਸਕਾਇਆ,
ਸੁਣ ਓ ਬੁੱਧੂ ਜਗ ਨੇ ਹੈ 'ਪਹਿਲ ਤਾਈਂ ਵਡਿਆਈਆ।
'ਜਿਦੀ ਫੂਕ ਪਹਿਲਾ ਵਜ ਜਾਵੇ, ਜਿੱਤ ਓਸ ਦੀ ਕਹਿੰਦੇ,
ਤੇਰੇ ਜਿਹਾ ਸੁਸਤ ਪਿੱਛੇ-ਰਹਿਣੇ, ਰੂੰ ਰੂੰ ਕਰਦੇ ਰਹਿੰਦੇ।'

ਇਕ ਪਡ਼੍ਹੇ ਹੋਏ ਨੇ ਅਨਪਡ਼੍ਹ ਨੂੰ, ਬੋਲੀ ਦੀ ਗੋਲੀ ਲਾ ਦਿੱਤੀ,
ਓ ਅਨਪਡ਼੍ਹ ਡੰਗਰ ਕਿਉਂ ਜੰਮਿਆ ? ਬੇਫੈਦਾ ਉਮਰ ਗੁਆ ਦਿੱਤੀ।
ਬੇ-ਇਲਮ ਆਦਮੀ ਅੰਨ੍ਹਾ ਹੈ ਕੁਝ ਦੇਖ ਸਮਝ ਨਾ ਸਕਦਾ ਹੈ,
ਮਹਿਫ਼ਲ ਵਿਚ ਜਾਣਾ ਮਿਲੇ ਕਦੀ, ਤਾਂ ਉੱਲੂ ਵਾਂਙੂ ਤਕਦਾ ਹੈ।
ਗੂੰਗਿਆਂ ਸਮ ਆਰੀ ਬੋਲਣ ਤੋਂ, ਜੇ ਬੋਲੇ ਤਾਂ ਕੈ ਕਰਦਾ ਹੈ,
ਨਾ ਅਕਲ ਸ਼ਊਰ ਤਮੀਜ਼ ਕੋਈ, ਪਡ਼੍ਹਿਆਂ ਦਾ ਪਾਣੀ ਭਰਦਾ ਹੈ।
ਬੇ-ਇਲਮੀ ਸਭ ਤੋਂ ਜੂਨ ਬੁਰੀ, ਖੋਤਾ ਵੀ ਇਸ ਤੇ ਹਸਦਾ ਹੈ,
ਓ ਬੇਵਕੂਫ਼ ! ਬਿਨ ਇਲਮੋਂ ਤਾਂ, ਰੱਬ ਭੀ ਨਾ ਦਿਲ ਵਿਚ ਵਸਦਾ ਹੈ।
ਅਨਪਡ਼੍ਹ ਨੇ ਧੀਰਜ ਨਾਲ ਕਿਹਾ, ਹੈ ਸ਼ੁਕਰ ਨਹੀਂ ਮੈਂ ਪਡ਼੍ਹਿਆ ਹਾਂ,
ਨਾ ਵਾਂਗ ਤੁਹਾਡੇ ਕਡ਼੍ਹਿਆ ਹਾਂ, ਨਾ ਮਾਣ ਮੁਹਾਰੇ ਚਡ਼੍ਹਿਆ ਹਾਂ।
ਜੇ ਵਿਦਿਆ ਏਹੋ ਗਾਲ੍ਹਾਂ ਨੇ, ਜੋ ਤੁਸੀਂ ਮੁਖੋਂ ਫੁਰਮਾਈਆਂ ਨੇ,
'ਤਾਂ ਮੈਨੂੰ ਬਖਸ਼ੇ ਰੱਬ ਇਸ ਤੋਂ, ਮੇਰੀਆਂ ਹੱਥ ਜੋਡ਼ ਦੁਹਾਈਆਂ ਨੇ।
ਮੈਂ ਬੇਸ਼ਕ ਪਡ਼੍ਹਨੋਂ ਸੱਖਣਾ ਹਾਂ, ਪਰ ਕਥਾ ਕੀਰਤਨ ਸੁਣਿਆ ਹੈ,
ਨੇਕਾਂ ਦੀ ਸੰਗਤ-ਸਿਖਿਆ ਦਾ, ਕੁਝ ਭੋਰਾ ਚੋਰਾ ਚੁਣਿਆ ਹੈ।
ਕਹਿੰਦੇ ਨੇ ਪਡ਼੍ਹਿਆ ਮੂਰਖ ਹੈ, ਜੋ ਲਬ ਲੋਭ ਹੰਕਾਰ ਕਰੇ,
ਤੇ ਸਯਾਨਾ ਉਹ, ਜੋ ਪਡ਼੍ਹ ਵਿਦਿਆ, ਵੀਚਾਰ ਕਰੇ ਉਪਕਾਰ ਕਰੇ।
'ਕੇਈ ਪਡ਼੍ਹ ਪਡ਼੍ਹ ਗੱਡੀਆਂ ਲੱਦ ਲਵੇ, ਪਡ਼੍ਹ ਪਡ਼੍ਹ ਉਮਰਾਂ ਗਾਲ ਲਵੇ,
'ਦੁਨੀਆਂ ਦੀਆਂ ਕੁੱਲ ਕਿਤਾਬਾਂ ਨੂੰ, ਲਾ ਘੋਟੇ, ਸਿਰ ਵਿਚ ਡਾਲ ਲਵੇ।
'ਪਰ ਦਿਲ ਤੇ ਅਸਰ ਜੇ ਨਾ ਹੋਵੇ, ਕੀ ਉਸ ਦੇ ਇਲਮੋਂ ਸਰਦਾ ਹੈ ?
'ਉਹ ਕੀਡ਼ਾ ਹੈ, ਜੋ ਗ੍ਰੰਥਾਂ ਨੂੰ, ਪਿਆ ਕੁਤਰ ਕੁਤਰ ਕੇ ਧਰਦਾ ਹੈ।
ਤੇ ਰੱਬ ਦੀ ਗੱਲ ਜੋ ਆਖੀ ਜੇ, ਚਤੁਰਾਈਓਂ ਨਾ ਹੱਥ ਔਂਦਾ ਹੈ,
ਪਡ਼੍ਹਿਆ ਅਨਪਡ਼੍ਹਿਆ ਹਰ ਕੋਈ, ਜੋ ਧਯੋਂਦਾ ਹੈ ਸੋ ਪੌਂਦਾ ਹੈ।
ਮਤਲਬ ਕੀ ? ਅਨਪਡ਼੍ਹ ਪਡ਼੍ਹੇ ਹੋਏ, ਜੀਭੋਂ ਪਹਿਚਾਣੇ ਜਾਂਦੇ ਨੇ,
ਜਯੋਂ, ਧੂਤੁ-ਬੇਲਾ, ਦੂਰੋਂ ਹੀ, ਇਕ ਸੁਰੋਂ ਸਿਆਣੇ ਜਾਂਦੇ ਨੇ।
ਜੋ 'ਆਲਿਮ ਹੈ ਤੇ ਆਮਿਲ ਭੀ, ਉਹ ਬੇਸ਼ਕ ਸਾਥੋਂ ਸੁਥਰਾ ਹੈ।
ਪਰ ਪਡ਼੍ਹ ਪਡ਼੍ਹ ਕੇ ਜੋ ਕਡ਼੍ਹਿਆ ਹੈ, ਉਹ ਅਨਪਡ਼੍ਹ ਤੋਂ ਵੀ ਕੁਥਰਾ ਹੈ।

ਭਗਤ ਕਬੀਰ ਤਾਈਂ ਇਕ ਰਾਜਾ ਸਦਾ ਦਿੱਕ ਸੀ ਕਰਦਾ,
'ਜਗਤ ਮੁਕਤੀ' ਰਸਤਾ ਦੱਸੋ ਕਹਿ ਕਹਿ ਹਉਕੇ ਭਰਦਾ।
ਅੱਕ ਕੇ ਇਕ ਦਿਨ ਤੁਰੇ ਭਗਤ ਜੀ, ਮੰਤ੍ਰ 'ਵਾਹਿਗੁਰੂ' ਪਡ਼੍ਹ ਕੇ,
ਚੱਲ ਦਿਖਾਵਾਂ ਮੁਕਤੀ ਰਸਤਾ, ਪਰਬਤ ਚੋਟੀ ਚਡ਼੍ਹ ਕੇ।
ਭਾਰੇ ਤਿੰਨ ਪੱਥਰਾਂ ਦੀ ਗੱਠਡ਼ੀ ਰਾਜੇ ਨੂੰ ਚੁਕਵਾਈ,
ਹੁਕਮ ਦਿੱਤਾ ਏਹ ਲੈ ਚੱਲ ਉਪੱਰ ਨਾਲ ਅਸਾਡੇ ਭਾਈ।
ਜ਼ਰਾ ਦੂਰ ਚੱਲ, ਰਾਜਾ ਹਫਿਆ, ਕਹਿਣ ਲੱਗਾ ਲਡ਼ਖਾਂਦਾ,
'ਮਹਾਰਾਜ ! ਬੋਝਾ ਹੈ ਭਾਰਾ, ਕਦਮ ਨਾ ਪੁੱਟਿਆ ਜਾਂਦਾ।
ਇਕ ਪੱਥਰ ਸੁਟਵਾਇ ਭਗਤ ਨੇ ਉਸ ਨੂੰ ਅੱਗੇ ਚਲਾਇਆ,
ਥੋਡ਼੍ਹੇ ਕਦਮ ਫੇਰ ਚੱਲ ਉਸ ਨੇ ਚੀਕ ਚਿਹਾਡ਼ਾ ਪਾਇਆ।
ਦੂਜਾ ਪੱਥਰ ਵੀ ਸੁਟਵਾ ਕੇ ਫੇਰ ਤੋਰਿਆ ਅੱਗੇ,
ਪਰ ਹਾਲੀ ਭੀ ਭਾਰ ਓਸ ਨੂੰ ਲੱਕ ਤੋਡ਼ਵਾਂ ਲੱਗੇ।
ਔਖੀ ਘਾਟੀ ਬਿਖਡ਼ਾ ਪੈਂਡਾ, ਉੱਚਾ ਚਡ਼੍ਹ ਕੇ ਜਾਣਾ,
ਨਾ-ਮੁਮਕਿਨ ਸੀ ਭਾਰ ਓਸ ਚੁੱਕ ਕੇ ਅਗੋਂ ਕਦਮ ਉਠਾਣਾ।
ਤੀਜਾ ਪੱਥਰ ਵੀ ਸੁਟਵਾਇਆ ਰਾਜਾ ਹੌਲਾ ਹੋਇਆ,
ਝਟ ਪਟ ਜਾ ਚੋਟੀ ਤੇ ਚਡ਼੍ਹਿਆ ਝਟ ਟੱਪ ਟਿੱਬਾ ਟੋਇਆ।
ਹਸ ਕੇ ਭਗਤ ਹੋਰਾਂ ਫੁਰਮਾਇਆ, 'ਏਹੋ ਮੁਕਤੀ ਰਸਤਾ,
ਤਦ ਤੱਕ ਚੋਟੀ ਚਡ਼੍ਹ ਨ ਸਕੀਏ ਜਦ ਤਕ ਬੱਝਾ ਫਸਤਾ।
ਤ੍ਰਿਸ਼ਨਾ, ਮੋਹ, ਹੰਕਾਰ ਤਿੰਨ ਹਨ, ਪੱਥਰ ਤੈਂ ਸਿਰ ਚਾਏ,
ਭਾਰਾ ਬੋਝ ਲੈ ਪਰਬਤ ਤੇ ਕੀਕੁਰ ਚਡ਼੍ਹਿਆ ਜਾਏ।
ਮੁਕਤੀ ਚਾਹੇਂ ਤਾਂ ਤਿੰਨੇ ਪੱਥਰ ਸੁੱਟ ਕੇ ਹੋ ਜਾ ਹਲਕਾ,
ਮਾਰ ਦੁਡ਼ੰਗੇ ਉੱਚਾ ਚਡ਼੍ਹ, ਪਾ ਪਰਮ ਜੋਤ ਦਾ ਝਲਕਾ।  
ਰਾਜੇ ਤਾਈਂ ਗਿਆਨ ਹੋ ਗਿਆ, ਜੀਵਨ-ਮੁਕਤੀ ਪਾਈ,
'ਸੁਥਰੇ' ਨੂੰ ਭੀ ਮੁਫ਼ਤ, ਕੀਮਤੀ ਇਹ ਘੁੰਡੀ ਹੱਥ ਆਈ।


ਕਈ ਵਿੱਘੇ ਧਰਤੀ ਦੇ ਉਦਾਲੇ ਮਰਦ-ਕੱਦ ਦੀਵਾਰ ਸੀ,
ਲੋਹੇ ਦੇ ਫਾਟਕ ਦੇ ਅੱਗੇ ਇਕ ਖਡ਼੍ਹਾ ਪਹਿਰੇਦਾਰ ਸੀ।
ਅੰਦਰ ਚੁਤਰਫੀ ਬ੍ਰਿਛ-ਬੂਟੇ ਸੈਂਕਡ਼ੇ ਲਾਏ ਹੋਏ,
ਕੁਝ ਸੁੰਦਰ ਫੁਲਾਂ ਦੇ ਲੱਦੇ ਕੁਝ ਫਲਾਂ ਤੇ ਆਏ ਹੋਏ।
ਵਿਚਕਾਰ ਉਸ ਸੋਹਣੇ ਬਗੀਚੇ ਦੇ, ਸੁਨਹਿਰੀ ਰੰਗਲਾ,
ਅਤਿ ਖੂਬਸੂਰਤ ਸ਼ਾਨ ਵਾਲਾ ਸੋਭਦਾ ਸੀ ਬੰਗਲਾ।
ਉਸ ਦੀ ਸਜਾਵਟ ਤੋਂ ਅਮੀਰੀ ਟਪਕਦੀ,
ਉਸ ਦੀ ਸਫਾਈ-ਚਮਕ ਤੇ ਅੱਖੀ ਨ ਸੀ ਟਿਕ ਸਕਦੀ।
ਸੀ 'ਡੈਕੋਰੇਸ਼ਨ' ਓਸ ਦੀ 'ਐਕਸਪਰਟ' ਨੇ ਕੀਤੀ ਹੋਈ,
ਚਿਮਨੀ ਦੀ ਹਰ ਝਾਲਰ ਸੀ 'ਪੈਰਿਸ-ਗਰਲ' ਦੀ ਸੀਤੀ ਹੋਈ।
ਸਭ ਕਮਰਿਆਂ ਵਿਚ ਫਰਨੀਚਰ ਸੀ 'ਫੈਸ਼ਨੇਬਲ' ਸਜ ਰਿਹਾ,
ਹਰ ਚੀਜ ਵਿਚ ਸੀ 'ਯੂਰਪੀਅਨ ਫੁਲ ਸਟਾਈਲ' ਗਜ ਰਿਹਾ।
ਇਕ 'ਨਯੂ ਬ੍ਰਾਈਡ' ਸਮ 'ਡਰਾਇੰਗ ਰੂਮ' ਸੰਦੀ ਸ਼ਾਨ ਸੀ,
ਜੇ 'ਸੈੱਟ' ਇੰਗਲਿਸਤਾਨ ਸੀ ਤਾਂ 'ਕਾਰਪੈਟ' ਈਰਾਨ ਸੀ।
ਬੈਂਜੋ, ਪਿਆਨੋ, ਵਾਯੋਲਿਨ, ਹਾਰਮੋਨੀਅਮ ਅਰਗਨ ਪਏ,
ਉਚ 'ਸਿਵਲੀਜੇਸ਼ਨ' 'ਐਜੂਕੇਸ਼ਨ' ਘਰ ਦੀ ਦਸਦੇ ਸਨ ਪਏ।
ਟੇਬਲ ਡਰੈਸਿੰਗ ਰੂਮ ਦੀ ਸੈਟਾਂ-ਕਰੀਮਾਂ ਭਰੀ ਸੀ,
ਪਫ਼, ਕੂੰਬ, ਬ੍ਰਸ਼, ਪੌਡਰ, ਲਵਿੰਡਰ ਲੈਨ ਲੰਮੀ ਧਰੀ ਸੀ।
ਦੇਖੋ ਜੇ 'ਡਾਇਨਿੰਗ ਰੂਮ' ਤਾਂ ਭੁੱਖ ਚਮਕ ਝਟ ਦੂਣੀ ਪਵੇ,
ਛੁਰੀਆਂ ਤੇ ਕਾਂਟੇ ਬਿਨਾ ਇਕ ਭੀ ਚੀਜ਼ ਨਾ ਛੂਹਣੀ ਪਵੇ।
ਸੋਡੇ, ਮੁਰੱਬੇ, ਵਿਸਕੀਆਂ, ਟੌਫੀ ਤੇ ਹੋਰ ਮਠਿਆਈਆਂ,
ਅਧਨੰਗੀਆਂ ਫੋਟੋਜ਼, 'ਮੈਂਟਲਪੀਸ' ਤੇ ਟਿਕਵਾਈਆਂ।
ਵਿਚ ਲਾਈਬ੍ਰੇਰੀ ਬੁਕਸ 'ਲੇਟੈਸਟ' ਦਿਸਦੀਆਂ ਸਨ ਸਾਰੀਆਂ,
ਨਾਵਲ ਡਰਾਮੇ ਨਾਲ ਸਨ ਲੱਦੀਆਂ ਹੋਈਆਂ ਅਲਮਾਰੀਆਂ।
ਯੂਰਪ ਤੇ ਅਮਰੀਕਾ ਦਾ ਲਿਟਰੇਚਰ ਸੀ ਬਹੁ ਭਰਿਆ ਪਿਆ,
'ਆਥਰ' ਤੇ 'ਪੋਇਟ' ਇੰਗਲਿਸ਼ ਹਰ ਇਕ ਸੀ ਧਰਿਆ ਪਿਆ।
ਮੁੱਦਾ ਕੀ ਉਥੇ ਐਸ਼ ਦਾ ਮੌਜੂਦ ਕੁਲ ਸਮਾਨ ਸੀ,
ਚਿਡ਼ੀਆਂ ਦਾ ਦੁੱਧ ਭੀ ਚਾਹੋ ਤਾਂ ਮਿਲਨਾ ਉਥੇ ਆਸਾਨ ਸੀ,
ਜੇ ਨਹੀਂ ਸੀ ਤਾ ਸਿਰਫ਼, 'ਨਿੱਤਨੇਮ ਦਾ ਗੁਟਕਾ' ਨ ਸੀ।

ਬਰਛਿ ਖਾਇ ਲਛਮਨ ਮੁਰਦੇ ਵਾਂਗ ਡਿੱਗਾ,
ਸੈਨਾ ਰਾਮ ਅੰਦਕ ਹਾਹਾਕਾਰ ਹੋਈ।
ਰਾਮ ਰੋਣ ਲੱਗੇ, ਜਾਨ ਖੋਣ ਲੱਗੇ,
'ਕਿਥੇ ਪਹੁੰਚ ਕੇ ਭਾਗਾਂ ਦੀ ਮਾਰ ਹੋਈ।
ਵੈਦ ਲੰਕਾ ਦੀ ਸੱਦਿਆ, ਸੀਸ ਫੇਰੇ,
ਇਸ ਦੀ ਦਵਾ ਨਹੀਂ ਕੋਈ ਤਿਆਰ ਹੋਈ।
ਰਾਤੋ ਰਾਤ 'ਸੰਜੀਵਨੀ' ਕੋਈ ਲਿਆਵੇ,
ਜਾਨ ਬਚੂ, ਜੇ ਮਿਹਰ ਕਰਤਾਰ ਹੋਈ।
ਹਨੂਮਾਨ ਆਂਦੀ ਬੂਟੀ, ਜਾਨ ਬਚ ਗਈ,
ਖੁਸ਼ੀਆਂ ਚਡ਼੍ਹੀਆਂ ਜਾ ਗਿੱਚੀ ਉਠਾਈ ਲਛਮਨ।
ਰਾਮ ਹੱਸ ਕੇ ਬੋਲੇ ਕੁਝ ਪਤਾ ਭੀ ਊ ?
'ਤੇਰੀ ਜਾਨ ਕਿਸ ਬਚਾਈ ਲਛਮਨ ?
ਹੋਸੀ ਯਾਦ, ਜੋ ਭੀਲਣੀ ਬੇਰ ਲਿਆਈ,
ਚਖ ਚਖ ਚੁਣੇ ਹੋਏ, ਸੂਹੇ ਲਾਲ ਮਿੱਠੇ।
ਉਹਨਾਂ ਲਾਲਾਂ ਤੋਂ ਪੱਥਰ ਦੇ ਲਾਲ ਸਦਕੇ,
ਓਹਨਾ ਮਿੱਠਿਆਂ ਤੋਂ ਘੋਲੀ ਥਾਲ ਮਿੱਠੇ।
ਰਿਸ਼ੀਆਂ ਨੱਕ ਵੱਟੇ, ਤਾਂ ਬੂਦਾਰ ਹੋਏ,
ਭਰੇ ਹੋਏ ਸਨ ਜੋ ਜਲ ਦੇ ਤਾਲ ਮਿੱਠੇ।
ਲੱਖਾਂ ਮਾਫੀਆਂ ਬਾਦ ਮੁਡ਼ ਮਸਾਂ ਕੀਤੇ,
ਓਸੇ ਭੀਲਣੀ ਨੇ ਚਰਨਾਂ ਨਾਲ ਮਿੱਠੇ।
ਗੱਲਾਂ ਇਹ ਤਾਂ ਮਲੂਮ ਹਨ ਸਾਰਿਆਂ ਨੂੰ,
ਦੱਸਾਂ ਗੱਲ ਤੇਰੀ ਅੱਜ ਨਈ ਤੈਨੂੰ।
ਵੀਰਤੂੰ ਭੀ ਸੀ ਓਦੋਂ ਇੱਕ ਭੁੱਲ ਕੀਤੀ,
ਜਿਸ ਦੀ ਸਜ਼ਾ ਇਹ ਭੁਗਤਣੀ ਪਈ ਤੈਨੂੰ।
ਕਰ ਲੈ ਯਾਦ ਜਦ ਬੇਰ ਸਾਂ ਅਸੀਂ ਖਾਂਦੇ,
ਤੂੰ ਸੈਂ ਬੇਰ ਮੂੰਹ ਪਾਂਦਾ ਮਜ਼ਬੂਰ ਹੋ ਕੇ।
ਮੈਂ ਸਾਂ ਵੇਖਦਾ ਓਸ ਦਾ ਪ੍ਰੇਮ ਨਿਰਛਲ,
ਤੂੰ ਸੈਂ ਵੇਖਦਾ 'ਜਾਤ' ਮਗ਼ਰੂਰ ਹੋ ਕੇ।
ਆਹਾਭੀਲਣੀ ਭੁੱਲੀ ਸੀ ਦੀਨ ਦੁਨੀਆਂ,
ਭਗਤੀ ਭਾਵ ਦੇ ਵਿਚ ਮਖ਼ਮੂਰ ਹੋ ਕੇ।
ਮੋਟੇ ਮੋਟੇ ਜੋ ਬੇਰ ਉਸ ਪਕਡ਼ ਹੱਥੀਂ,
ਮੈਨੂੰ ਦਿੱਤੇ ਪ੍ਰੇਮ ਭਰਪੂਰ ਹੋ ਕੇ।
ਉਸ ਅਮੋਲ-ਅਲੱਭ ਸੁਗਾਤ 'ਚੋਂ ਮੈਂ,
ਵੀਰ ਜਾਣ ਤੁਧ ਬੇਰ ਇਕ ਵੰਡ ਦਿੱਤਾ।
ਤੂੰ ਨਾ ਕਦਰ ਕਰ, ਅੱਖ ਬਚਾ ਮੇਰੀ,
ਉਸ ਨੂੰ ਸੁਟ ਹਾਇਪਿੱਛੇ ਕੰਡ ਦਿੱਤਾ।
ਓਹੋ ਬੇਰ ਪਰਬਤ ਤੇ ਲੈ ਗਈ ਕੁਦਰਤ,
ਉਸ ਤੋਂ 'ਬੂਟੀ ਸੰਜੀਵਨੀ' ਉਗਾ ਦਿੱਤੀ।
 ਮੇਘ ਨਾਥ ਤੋਂ ਬਰਛੀ ਲੁਆ ਏਥੇ,
ਤੈਨੂੰ ਮੌਤ ਦੀ ਝਾਕੀ ਦਿਖਾ ਦਿੱਤੀ।
ਓਸੇ ਬੇਰ ਦੀ ਬੂਟੀ ਖੁਆ ਤੈਨੂੰ,
ਤੇਰੀ ਲੋਥ ਵਿਚ ਜਾਨ ਮੁਡ਼ ਪਾ ਦਿੱਤੀ।
ਤੈਨੂੰ ਦੰਡ, ਅਭਿਮਾਨ ਨੂੰ ਹਾਰ ਦੇ ਕੇ,
ਸੱਚੇ ਪ੍ਰੇਮ ਦੀ ਫ਼ਤਹ ਕਰਾ ਦਿੱਤੀ।
ਵੀਰ! ਭੀਲਣੀ ਦੇ ਮੈਲੇ ਹੱਥਾਂ ਦੀ ਥਾਂ,
ਵੇਂਹਦੋ ਨੂਰ ਭਰਿਆ ਜੇ ਦਿਲ ਪਾਕ ਉਸ ਦਾ।
ਤੈਨੂੰ ਮਿਲਦਾ ਸਰੂਰ ਇਸ ਦੰਡ ਦੀ ਥਾਂ,
ਕਰਦੀ ਘ੍ਰਿਣਾ 'ਸੁਥਰਾ' ਦਿਲ ਨਾ ਚਾਕ ਉਸ ਦਾ।

ਇਕ ਰਾਜੇ ਦੀ ਗੁਰੂ-ਤਪੀਸ਼ਰ, ਚੋਰੀ ਦੇ ਵਿਚ ਵਡ਼ਿਆ,
ਚੋਰਾਂ ਵਾਂਗੂ ਰਾਜੇ ਅੱਗੇ ਸਿਰ ਨੀਵਾਂ ਕਰ ਖਡ਼ਿਆ।
ਰੋਜ਼ ਵਾਂਗ ਓਹ ਰਾਜੇ ਨੂੰ ਉਪਦੇਸ਼ ਦੇਣ ਸੀ ਆਯਾ,
ਮੌਕਾ ਪਾ ਕੇ ਰਾਣੀ ਦਾ ਨੌ ਲੱਖਾ ਹਾਰ ਚੁਰਾਯਾ।
ਰਾਜਾ ਡਾਢਾ ਅਚਰਜ ਹੋਇਆ, ਸਮਝ ਜ਼ਰਾ ਨ ਆਵੇ,
ਐਡਾ ਜਪੀ ਤਪੀ ਸਿਧ ਜੋਗੀ ਕਿਵੇਂ ਚੋਰ ਬਣ ਜਾਵੇ ?
ਜੇ ਧਨ ਦੀ ਸੀ ਲੋਡ਼ ਏਸ ਨੂੰ ਇਕ ਇਸ਼ਾਰਾ ਕਰਦਾ,
ਮੈਂ ਖੁਸ਼ ਹੋ ਕੇ ਇਸ ਦੀ ਕੁਟੀਆ, ਨਾਲ ਮੋਤੀਆਂ ਭਰਦਾ।
ਸੋਚ ਸੋਚ ਕੇ ਪੰਜ ਸਤ ਸਾਧੂ ਰਾਜੇ ਨੇ ਸਦਵਾਏ,
ਏਸ ਮਾਮਲੇ ਦੇ ਖੋਜਣ ਦੇ ਫਰਜ਼ ਉਨ੍ਹਾਂ ਨੂੰ ਲਾਏ।
ਪੂਰੀ ਖੋਜ ਉਨ੍ਹਾਂ ਨੇ ਕਰਕੇ ਸਿੱਟਾ ਇਹ ਦਿਖਲਾਇਆ
ਉਸ ਸਾਧੂ ਨੇ ਉਸ ਦਿਨ ਭੋਜਨ ਚੋਰੀ ਦਾ ਸੀ ਪਾਇਆ।
ਇਕ ਜ਼ਰਗਰ ਨੇ ਗਾਹਕ ਕਿਸੇ ਦਾ ਸੋਨਾ ਚੋਰੀ ਕੀਤਾ,
ਯਾਨੀ ਖ਼ੂਨ ਵਿਚਾਰੇ ਦਾ ਸੀ ਨਾਲ ਚਲਾਕੀ ਪੀਤਾ।
ਓਹ ਸੁਨਿਆਰਾ ਰਾਜ-ਦ੍ਰੋਹ ਵਿਚ ਹੱਥ ਪੁਲਸ ਦੇ ਆਯਾ,
ਜਿਸ ਨੇ ਉਸ ਦਾ ਮਾਲ ਜ਼ਬਤ ਕਰ ਰਾਜੇ ਦੇ ਘਰ ਆਯਾ।
ਉਸ ਮਾਲ ਦਾ ਆਟਾ, ਘੀ ਤੇ ਲਕਡ਼ੀ ਲੂਣ ਲਿਆ ਕੇ,
ਰਾਜ ਮਹਿਲ ਵਿਚ ਖਾਣਾ ਪੱਕਿਆ ਛੱਤੀ ਭਾਂਤ ਬਣਾ ਕੇ।
 ਰਾਜ-ਗੁਰੂ ਨੇ ਰਾਜ ਮਹਿਲ ਵਿਚ, ਉਹ ਭੋਜਨ ਸੀ ਪਾਯਾ,
ਮਨ ਮਲੀਨ ਝਟ ਉਸ ਦਾ ਹੋਇਆ, ਤਾਂ ਉਸ ਹਾਰ ਚੁਰਾਯਾ।
ਇਸੇ ਲਈ ਸਨ ਗੁਰੂ ਨਾਨਕ ਨੇ, ਅੰਨ ਨਿਚੋਡ਼ ਦਿਖਾਏ,
ਇਕ 'ਚੋਂ ਦੁੱਧ, ਦੂਏ 'ਚੋਂ ਲਹੂ, ਕੱਢ ਕੇ ਸਬਕ ਪਡ਼੍ਹਾਏ।
ਅੰਨ ਪਾਪ ਦਾ ਖਾ ਖਾ ਬੰਦਾ, ਪਾਪ 'ਚ ਡੁੱਬਦਾ ਜਾਵੇ,
'ਸੁਥਰਾ' ਲੁਕਮਾ ਖਾਇ ਆਤਮਾ, 'ਸੁਥਰਾ' ਹੋ ਸੁਖ ਪਾਵੇ।


ਰਾਜਾ ਭੋਜ ਪਾਸ ਇਕ ਪ੍ਰੇਮੀ ਦੋਇ ਪੁਤਲੀਆਂ ਲਿਆਯਾ,
ਬਡ਼ੀਆਂ ਸੁੰਦਰ, ਜਿਸ ਡਿੱਠੀਆਂ ਸਭ ਦਾ ਮਨ ਲਲਚਾਯਾ।
ਇਕੋ ਜੈਸੀ ਸ਼ਕਲ ਦੋਹਾਂ ਦੀ, ਇਕੋ ਜਿਹੀਆਂ ਲੰਮੀਆਂ,
ਮਾਨੋਂ ਦੋਇ ਜੋਡ਼ੀਆਂ, ਕੁਡ਼ੀਆਂ, ਇਕਸੇ ਛਿਨ ਹਨ ਜੰਮੀਆਂ।
ਗੋਰੇ ਰੰਗ, ਮੋਟੀਆਂ ਅੱਖਾਂ, ਨੱਕ ਤਿੱਖੇ, ਬੁਲ੍ਹ ਸੂਹੇ,
ਅੰਗ ਸੁਡੌਲ, ਪਤਲੀਆਂ ਬੁਲ੍ਹੀਆਂ, ਹੁਸਨ ਕਲੇਜੇ ਧੂਹੇ।
ਇਉਂ ਜਾਪੇ ਕਿ ਖਾਸ ਬਹਿਸ਼ਤੋਂ ਦੋ ਹੂਰਾਂ ਹਨ ਆਈਆਂ,
ਦਸਣ ਲਈ ਖ਼ੁਦਾ ਦੀਆਂ ਕਾਰੀਗਰੀਆਂ ਤੇ ਚਤਰਾਈਆਂ।
ਖ਼ੁਸ਼ ਹੋਇਆ ਡਾਢਾ ਹੀ ਰਾਜਾ, ਖ਼ੁਸ਼ ਹੋਏ ਦਰਬਾਰੀ,
ਵਾਹਵਾ, ਸ਼ਾਵਾ, ਧਨ ਧਨ, ਅਸ਼ ਅਸ਼, ਆਖੇ ਪਰਿਹਾਂ ਸਾਰੀ।
ਕਾਰੀਗਰ ਨੇ ਕਿਹਾ ਬਾਦਸ਼ਾਹ! ਹੋ ਇਕਬਾਲ ਸਵਾਇਆ,
ਇਨ੍ਹਾਂ ਪੁਤਲੀਆਂ ਵਿਚ ਮੈਂ, ਇਕ ਹੈ ਭਾਰਾ ਫ਼ਰਕ ਟਿਕਾਇਆ।
ਜਿਸ ਦੇ ਕਾਰਨ ਇਕ ਪੁਤਲੀ ਤਾਂ ਵਡ-ਮੁੱਲੀ ਹੈ ਪਿਆਰੀ,
'ਦੂਜੀ ਪੁਤਲੀ ਕੌਡੀਓਂ' ਖੋਟੀ ਦੁਖ ਦੇਣੀ ਹੈ ਭਾਰੀ।
ਕੋਈ ਸਜਣ ਫ਼ਰਕ ਇਨ੍ਹਾਂ ਦਾ ਵਿਚ ਦਰਬਾਰ ਬਤਾਵੇ,
'ਇਕ ਦਾ ਗੁਣ, ਦੂਜੀ ਦਾ ਔਗੁਣ, ਅਕਲ ਨਾਲ ਜਤਲਾਵੇ।
ਟਕਰਾਂ ਮਾਰ ਥਕੇ ਦਰਬਾਰੀ ਫ਼ਰਕ ਨ ਕੋਈ ਦਿਸਿਆ,
ਕੁਲ ਵਜੀਰਾਂ ਉੱਤੇ ਰਾਜਾ ਡਾਢਾ ਖਿਝਿਆ, ਰਿਸਿਆ।
ਆਖਰ ਇਕ ਗ਼ਰੀਬ ਕਵੀ ਨੇ ਉਹ ਘੁੰਡੀ ਫਡ਼ ਲੀਤੀ,
ਜਿਸ ਦੇ ਬਦਲੇ ਰਾਜੇ ਉਸ ਨੂੰ ਪੇਸ਼ ਵਜਾਰਤ ਕੀਤੀ।
ਇਕ ਪੁਤਲੀ ਦੇ ਇਕ ਕੰਨੋਂ ਸੀ ਦੂਜੇ ਕੰਨ ਤਕ ਮੋਰੀ,
ਇਧਰ ਫੂਕ ਮਾਰੋ ਤਾਂ ਉਧਰੋਂ ਨਿਕਲ ਜਾਏ ਝਟ ਕੋਰੀ।
ਦੂਜੀ ਦੇ ਕੰਨ ਵਿਚ ਜੇ ਫੂਕੋ, ਫੂਕ ਢਿੱਡ ਵਿਚ ਰਹਿੰਦੀ,
ਯਾਨੀ ਲੱਖਾਂ ਸੁਣ ਕੇ ਗੱਲਾਂ ਕਿਸੇ ਤਾਈਂ ਨਾ ਕਹਿੰਦੀ।
ਪਹਿਲੀ ਪੁਤਲੀ ਵਰਗੀ ਨਾਰੀ, ਪਾਸੋਂ ਰੱਬ ਬਚਾਵੇ,
ਦੂਜੀ ਪੁਤਲੀ ਉੱਤੇ 'ਸੁਥਰੇ' ਸਦਕੇ ਦੁਨੀਆਂ ਜਾਵੇ।

Lala Dhani Ram chatrik poem

(ਮਾਝੇ ਦੇ ਇੱਕ ਪਿੰਡ ਵਿੱਚ)

ਸਾਉਣ ਮਾਹ, ਝਡ਼ੀਆਂ ਗਰਮੀ ਝਾਡ਼ ਸੁੱਟੀ,
ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ।
ਰਾਹ ਰੋਕ ਲਏ ਛੱਪਡ਼ਾਂ-ਟੋਭਿਆਂ ਨੇ,
ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ।
ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ,
ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ।
ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀਂ,
ਚਡ਼੍ਹੀਆਂ ਸਬਜ਼ੀਆਂ ਨੂੰ ਗਿਠ ਗਿਠ ਲਾਲੀਆਂ ਨੇ।
ਤਿਡ਼੍ਹਾਂ ਤਿਡ਼ਕੀਆਂ, ਪੱਠਿਆਂ ਲਹਿਰ ਲਾਈ,
ਡੰਗਰ ਛਡ ਦਿੱਤੇ ਖੁਲ੍ਹੇ ਪਾਲੀਆਂ ਨੇ।
ਵੱਟਾਂ ਬੱਧੀਆਂ, ਜੋਤਰੇ ਖੋਲ੍ਹ ਦਿੱਤੇ,
ਛਾਵੇਂ ਮੰਜੀਆਂ ਡਾਹੀਆਂ ਹਾਲੀਆਂ ਨੇ।
ਪੇਕੀਂ ਬੈਠੀਆਂ ਤਾਈਂ ਦਿਹਾਰ ਆਏ,
ਤੇ ਸ਼ਿੰਗਾਰ ਲਾਏ ਸਹੁਰੀ ਆਈਆਂ ਨੇ।
ਵੰਗਾਂ ਚੂਡ਼ੀਆਂ ਪਹਿਨੀਆਂ ਕੁਆਰੀਆਂ ਨੇ,
ਰੰਗ ਚੁੰਨੀਆਂ, ਮਹਿੰਦੀਆਂ ਲਾਈਆਂ ਨੇ।
ਖੀਰਾਂ ਰਿੱਝੀਆਂ, ਪੂਡ਼ੀਆਂ ਡੰਝ ਲਾਹੀ,
ਕੁਡ਼ੀਆਂ ਵਹੁਟੀਆਂ ਨੇ ਪੀਘਾਂ ਪਾਈਆਂ ਨੇ।
ਗਿੱਧੇ ਵੱਜਦੇ ਕਿਲਕਿਲੀ ਮੱਚਦੀ ਏ,
ਘਟਾਂ ਕਾਲੀਆਂ ਵੇਖ ਕੇ ਛਾਈਆਂ ਨੇ।
ਸੌਚੀਂ ਖੇਡਦੇ ਗਭਰੂ ਪਿਡ਼ਾ ਅੰਦਰ,
ਛਿੰਝਾਂ ਪਾਉਂਦੇ ਤੇ ਛਾਲਾ ਲਾਉਂਦੇ ਨੇ।
ਲੋਕੀਂ ਖੁਸ਼ੀ ਅੰਦਰ ਖੀਵੇ ਹੋਏ ਚਾਤ੍ਰਿਕ,
ਸਾਉਣ ਮਾਹ ਦੇ ਸੋਹਲੇ ਗਾਉਂਦੇ ਨੇ।
(ਚੰਦਨਵਾਡ਼ੀ ਵਿੱਚੋਂ)

ਤੂਡ਼ੀ ਤੰਦ ਸਾਂਭ ਹਾਡ਼ੀ ਵੇਚ ਵੱਟ ਕੇ,
ਲੰਬਡ਼ਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਮੀਹਾਂ ਦੀ ਉਡੀਕ ਤੇ ਸਿਆਡ਼ ਕੱਢ ਕੇ,
ਮਾਲ ਢਾਂਡਾ ਸਾਂਭਣੇ ਨੂੰ ਚੂਹਡ਼ਾ ਛੱਡ ਕੇ।
ਪੱਗ ਝੱਗਾ ਚਾਦਰਾ ਨਵੇਂ ਸਿਵਾਇ ਕੇ,
ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ।
ਕੱਛੇ ਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਹਾਣੀਆਂ ਦੀ ਢਾਣੀ ਵਿਚ ਲਾਡ਼ਾ ਸੱਜਦਾ,
ਬੱਘ ਬੱਘ ਬੱਘ ਬੱਲੇ ਸ਼ੇਰ ਗੱਜਦਾ।
ਹੀਰੇ ਨੂੰ ਅਰਕ ਨਾਲ ਹੁੱਜਾਂ ਮਾਰਦਾ,
ਸੈਨਤਾਂ ਦੇ ਨਾਲ ਰਾਮੂ ਨੂੰ ਵੰਗਾਰਦਾ।
ਚੰਗੀ ਜੇਹੀ ਸੱਦ ਲਾ ਦੇ, ਬੱਲੇ ਬੇਲੀਆ,
ਤੂੰਬਾ ਜਰਾ ਖੋਲ੍ਹ ਖਾਂ, ਜੁਆਨਾ ਤੇਲੀਆ।
ਸਰੂ ਵਾਂਗ ਝੂਲ ਵੰਝਲੀ ਸੁਣਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਤੂੰਬੇ ਨਾਲ ਭਾਂਤੋਂ ਭਾਂਤ ਬੋਲ ਬੋਲੀਆਂ,
ਹਾਡ਼੍ਹ ਵਿੱਚ ਜੱਟਾਂ ਨੇ ਮਣਾਈਆਂ ਹੋਲੀਆਂ।
ਛਿੰਜ ਦੀ ਤਿਆਰੀ ਹੋਈ ਢੋਲ ਵੱਜਦੇ,
ਕੱਸ ਕੇ ਲੰਗੋਟੇ ਆਏ ਸ਼ੇਰ ਗੱਜਦੇ।
ਲਿਸ਼ਕਦੇ ਨੇ ਪਿੰਡੇ ਗੁੰਨੇ ਹੋਏ ਤੇਲ ਦੇ,
ਮਾਰਦੇ ਨੇ ਛਾਲਾਂ ਦੂਲੇ ਡੰਡ ਪੇਲਦੇ।
ਕਿੱਸੂ ਨੂੰ ਸੁਰੈਣਾ ਪਹਿਲੇ ਹੱਥ ਢਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਵਾਰੀ ਹੁਣ ਆ ਗਈ ਜੇ ਖਾਣ ਪੀਣ ਦੀ,
ਰੇਉਡ਼ੀਆਂ ਜਲੇਬੀਆਂ ਦੇ ਆਹੂ ਲਾਹਣ ਦੀ।
ਹੱਟੀਆਂ ਦੇ ਵੱਲ ਆ ਪਏ ਨੇ ਟੁੱਟ ਕੇ,
ਹੂੰਝ ਲਈਆਂ ਥਾਲੀਆਂ ਜੁਆਨਾਂ ਜੁੱਟ ਕੇ।
ਖੁਲ੍ਹ ਗਈਆਂ ਬੋਤਲਾਂ ਗਲਾਸ ਫਿਰਿਆ,
ਤੇਲੀਆਂ ਤੇ ਡੂਮਾਂ ਦਾ ਕਲੇਜਾ ਘਿਰਿਆ।
ਬੁੱਕਾਂ ਤੇ ਕਮੀਣਾਂ ਨੂੰ ਮਜ਼ਾ ਚਖਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।
(ਚੰਦਨਵਾਡ਼ੀ ਵਿਚੋਂ)

ਕਹੋ ਤਾਂ ਦਿਲ ਦੀਆਂ ਬੇਸੁਰਤ ਤਰਬਾਂ ਜਗਾ ਦੇਵਾਂ,
ਹਸਰਤਾਂ ਲੁਕਵੀਆਂ ਦੇ ਢੇਕ ਤੋਂ ਪਡ਼ਦਾ ਹਟਾ ਦੇਵਾਂ।
ਜਿਨ੍ਹਾਂ ਮੂੰਹਬੰਦ ਕਲੀਆਂ ਵਿੱਚ ਵਸਦੀ ਹੈ ਮੇਰੀ ਦੁਨੀਆਂ,
ਉਨ੍ਹਾਂ ਦੀ ਮੂੰਹ ਖੋਲ੍ਹ ਦੇਵਾਂ ਉਮੰਗਾਂ ਸਭ ਸੁਣਾ ਦੇਵਾਂ।
ਏ ਜੀ ਕਰਦਾ ਹੈ, ਤੇਰੀ ਪ੍ਰੀਤ-ਵੀਣਾ ਨੂੰ ਰਹਾਂ ਸੁਣਦਾ।
ਤੇ ਉਸ ਦੇ ਲੋਰ ਅੰਦਰ ਦੀਨ ਦੁਨੀਆਂ ਨੂੰ ਭੁਲਾ ਦੇਵਾਂ।
ਵਲੇਵੇਂ ਬੇਥਵ੍ਹੇ ਜੋ ਪਾ ਰੱਖੇ ਤੇਰੀ ਮੁਹੱਬਤ ਨੇ,
ਉਨ੍ਹਾਂ ਵਿਚ ਸਾਰੀਆਂ ਆਸਾਂ ਉਮੈਦਾਂ ਨੂੰ ਲੁਕਾ ਦੇਵਾਂ।
ਜੋ ਤੇਰੇ ਸ਼ਰਬਤੀ ਨੈਣਾਂ ਚੋਂ ਨੈਂ ਮਸਤੀ ਦੀ ਵਹਿੰਦੀ ਏ,
ਉਦ੍ਹੇ ਅੰਦਰ ਗ਼ਮਾਂ ਫ਼ਿਕਰਾਂ ਨੂੰ ਚੁਣ ਚੁਣ ਕੇ ਰੁਡ਼੍ਹਾ ਦੇਵਾਂ।
ਅਤਰ ਦੀਆਂ ਭਿੰਨੀਆਂ ਮੁਸ਼ਕੀ ਲਿਟਾਂ ਦੀ ਰਾਤ ਲੰਮੀ ਵਿਚ,
ਭਟਕਦੇ ਦਿਲ ਦੀਆਂ ਰੀਝਾਂ ਨੂੰ ਥਾਪਡ਼ ਕੇ ਸੁਆ ਦੇਵਾਂ।
ਜੋ ਇੰਦਰ ਦੇ ਸਿੰਘਾਸਣ ਤੇ ਹਵਾ ਰੁਮਕੇ ਸੁਅਰਗਾਂ ਦੀ,
ਤੇਰੇ ਭੋਲੇ ਜਿਹੇ ਮੁਖਡ਼ੇ ਦੇ ਹਾਸੇ ਤੋਂ ਘੁਮਾ ਦੇਵਾਂ।
ਕਸਮ ਹੈ ਤੇਰੇ ਨਿਰਛਲ ਪ੍ਰੇਮ ਦੀ, ਏਹੋ ਤਮੱਨਾ ਹੈ,
ਕਿ ਆਪਣੀ ਸ਼ਾਨ ਸ਼ੌਕਤ ਤੇਰੇ ਪੈਰਾਂ ਤੇ ਟਿਕਾ ਦੇਵਾਂ।

Dr. Sadhu Singh Hamdard

ਯਾਦਾਂ ਦੀ ਖ਼ੁਸ਼ਬੋ
*************

ਹਵਾ ਬੇਵਫ਼ਾਈ ਦੀ ਵਗਦੀ ਰਹੀ।
ਮੁਹੱਬਤ ਦੀ ਪਰ ਜੋਤ ਜਗਦੀ ਰਹੀ.

ਨਦੀ ਇਸ਼ਕ ਦੇ ਗ਼ਮ ਦੀ ਵਗਦੀ ਰਹੀ।
ਮਿਰੀ ਮੌਜ ਤੇ ਮੌਜ ਲਗਦੀ ਰਹੀ।

ਮਿਰੇ ਨਾਲ ਕਿਉਂ ਵੈਰ ਕਰਦਾ ਰਿਹਾ
ਜ਼ਮਾਨੇ ਨੂੰ ਕੀ ਮਾਰ ਵਗਦੀ ਰਹੀ।

ਤੂੰ ਹੁੰਦਾ ਗਿਆ ਹੋਰ ਨੇਡ਼ੇ ਮਿਰੇ
ਦਵੈਤੀ ਨੂੰ ਅਗ ਹੋਰ ਲਗਦੀ ਰਹੀ।

ਅਸੀਂ ਉਹਦੇ ਗੁੱਸੇ ਤੇ ਵੀ ਖੁਸ਼ ਰਹੇ।
ਅਦਾ ਇਹ ਵੀ ਜ਼ਾਲਮ ਦੀ ਠਗਦੀ ਰਹੀ।

ਕਿਸੇ ਤੋਂ ਵੀ ਖੁੱਲ੍ਹਾ ਨ ਉਲਫ਼ ਦਾ ਭੇਤ
ਇਹ ਅਗ ਅੰਦਰ-ਅੰਦਰ ਸੁਲਗਦੀ ਰਹੀ।

ਰਹੀ ਬੀਬੀਆਂ ਨੂੰ ਨਾ ਚੁੰਨੀ ਦੀ ਲਾਜ
ਨ ਮਰਦਾਂ ਨੂੰ ਹੁਣ ਸ਼ਰਮ ਪਗ ਦੀ ਰਹੀ।

ਜਿਨੂੰ ਦੁਸ਼ਮਣੀ ਸੀ ਮਿਰੀ ਜਾਨ ਨਾਲ
ਉਸੇ ਤੇ ਮੇਰੀ ਜਾਨ ਤਗਦੀ ਰਹੀ।

ਦਵੈਤੀ ਤੇ ਉਹ ਮੇਹਰ ਕਰਦੇ ਰਹੇ
ਮਿਰੇ ਚੋਟ ਤੇ ਚੋਟ ਲਗਦੀ ਰਹੀ।

ਕਿਸੇ ਵੀ ਨਿਭਾਈ ਨ ਉਲਫ਼ਤ ਦੀ ਰੀਤ
ਹਮੇਸ਼ਾ ਇਹੋ ਰੀਤ ਜਗ ਦੀ ਰਹੀ।

ਜਦੋਂ ਆ ਗਈ ਦਿਲ ਚ ਹਮਦਰਦ ਮੈਲ
ਚਮਕ ਫਿਰ ਨਾ ਕੁਝ ਦਿਲ ਦੇ ਨਗ ਦੀ ਰਹੀ।


ਯਾਦਾਂ ਦੀ ਖ਼ੁਸ਼ਬੋ
*************


ਬਹਾਦਰ ਜੋ ਮਰਨੇ ਤੋਂ ਡਰਦਾ ਨਹੀਂ ਹੈ।
ਜਦੋਂ ਮਰ ਉਹ ਜਾਏ ਤਾ ਮਰਦਾ ਨਹੀਂ ਹੈ।

ਵਿਗਡ਼ਨੇ ਦੀ ਚਿੰਤਾ ਜੋ ਕਰਦਾ ਨਹੀਂ ਹੈ।
ਕਦੇ ਵੀ ਉਹ ਬੰਦਾ ਸੰਵਰਦਾ ਨਹੀਂ ਹੈ।

ਗੁਜ਼ਰਦਾ ਉਹ ਭਾਵੇਂ ਨਜ਼ਰ ਆ ਰਹਿਆ ਏ
ਸਮਾਂ ਤੇਰੇ ਬਾਝੋਂ ਗੁਜ਼ਰਦਾ ਨਹੀਂ ਹੈ।

ਤਿਰੀ ਲੋਡ਼ ਏਧਰ ਤੇਰੀ ਲੋਡ਼ ਓਧਰ
ਤਿਰੇ ਬਾਝ ਕਿਧਰੇ ਸਰਦਾ ਨਹੀਂ ਹੈ।

ਓ ਚੁਕਦੇ ਨਹੀਂ ਘੁੰਡ ਪਰ ਕਹਿ ਰਹੇ ਨੇ
ਤਿਰੇ ਮੇਰੇ ਵਿਚ ਕੋਈ ਪਰਦਾ ਨਹੀਂ ਹੈ।

ਪਤੰਗਾ ਨ ਜਦ ਤੀਕ ਅਗ ਨਾਲ ਖੇਡੇ
ਕਲੇਜਾ ਪਤੰਗੇ ਦੀ ਠਰਦਾ ਨਹੀਂ ਹੈ।

ਮੁਹੱਬਤ ਦੀ ਰਸਤਾ ਅਨੋਖਾ ਹੈ ਜਿਸ ਵਿਚ
ਭਰੋਸਾ ਕਿਸੇ ਰਾਹਬਰ ਦਾ ਨਹੀਂ ਹੈ।

ਧੁਰੋਂ ਉਹਨੂੰ ਮਿਲਿਆ ਏ ਖ਼ਾਲੀ ਲਫ਼ਾਫ਼ਾ
ਕਸੂਰ ਇਹਦੇ ਵਿਚ ਨਾਮਾਬਰ ਦਾ ਨਹੀਂ ਹੈ।

ਰਕੀਬਾਂ ਨੇ ਕੀ ਫ਼ੈਜ਼ ਪਾਉਣਾ ਸੀ ਤੈਥੋਂ
ਕਦੇ ਪਾਣੀ ਵਿਚ ਲੋਹਾ ਤਰਦਾ ਨਹੀਂ ਹੈ।

ਪਿਲਾਏ ਨੇ ਸਾਕੀ ਨੇ ਭਰ ਕਰ ਪਿਆਲੇ
ਮਿਰਾ ਦਿਲ ਅਜੇ ਤੀਕ ਭਰਦਾ ਨਹੀਂ ਹੈ।

ਅਮਰ ਹੋਣ ਦੀ ਚਾਹ ਹਮਦਰਦ ਮਾਰੇ
ਕਿਸੇ ਤੇ ਕੋਈ ਐਵੇਂ ਮਰਦਾ ਨਹੀਂ ਹੈ।


ਯਾਦਾਂ ਦੀ ਖ਼ੁਸ਼ਬੋ
*************


ਕਟਾਰਾਂ ਕਦੇ ਸਾਨ ਤੇ ਨਾ ਲਿਆ ਕਰ।
ਕਦੇ ਸਾਡੇ ਦਿਲ ਨੂੰ ਵੀ ਅਜ਼ਮਾ ਲਿਆ ਕਰ।

ਸੰਗਾਰਾਂ ਦੀ ਤੂੰ ਸ਼ਮਅ ਨਾ ਬਾਲਿਆ ਕਰ
ਅਸਾਨੂੰ ਨਾ ਏਦਾਂ ਸਦਾ ਜਾਲਿਆ ਕਰ।

ਕਿਆਮਤ ਨੂੰ ਸੱਦੇ ਨਾ ਐਵੇਂ ਦਿਆ ਕਰ
ਕਿਸੇ ਬੇਵਫ਼ਾ ਦੀ ਨ ਰਾਹ ਭਾਲਿਆ ਕਰ।

ਅਸਾਂ ਲਈ ਏ ਬਿਜਲੀਆਂ ਨਾਲ ਯਾਰੀ
ਤੂੰ ਫਿਕਰ ਆਪਣੇ ਗੁਲਸ਼ਨ ਦੀ ਰਖਵਾਲਿਆ ਕਰ।

ਅਸੀਂ ਵੀ ਕਦੇ ਵੇਖੀਏ ਚੰਨ ਦਾ ਚਡ਼੍ਹਨਾ
ਕਦੇ ਮੁਖ ਨੂੰ ਏਧਰ ਵੀ ਪਰਤਾ ਲਿਆ ਕਰ।

ਸਦਾ ਸਾਨੂੰ ਆ ਆ ਕੇ ਸਮਝਾਣ ਵਾਲੇ
ਕਦੇ ਆਪਣੇ ਦਿਲ ਨੂੰ ਵੀ ਸਮਝਾ ਲਿਆ ਕਰ।

ਅਸੀਂ ਵੀ ਕਦੇ ਕਿਰਦੇ ਫੁੱਲ ਵੇਖ ਲਈਏ
ਜਰਾ ਹੱਸ ਕੇ ਵੀ ਬੋਲਿਆ ਚਲਿਆ ਕਰ।

ਅਛਾਈ ਨ ਹਮਦਰਦ ਗ਼ੈਰਾਂ ਤੋਂ ਚਾਹੀ
ਬੁਰਾਈ ਵੀ ਉਸਤੋਂ ਤੂੰ ਨ ਭਾਲਿਆ ਕਰ।


ਯਾਦਾਂ ਦੀ ਖ਼ੁਸ਼ਬੋ
*************


ਮਜ਼ਾ ਉਹਨੂੰ ਮਿਲਦਾ ਨਹੀਂ ਜਿੰਦਗੀ ਦਾ
ਲਗਾਂਦਾ ਨਹੀਂ ਰੋਗ ਜੋ ਆਸ਼ਕੀ ਦਾ।

ਭਰੋਸਾ ਕਰਾਂ ਕੀ ਤਿਰੀ ਦੋਸਤੀ ਦਾ
ਭਰੋਸਾ ਨਹੀਂ ਹੈ ਕੋਈ ਜਿੰਦਗੀ ਦਾ।

ਸਦਾ ਯਾਦ ਰੱਖ ਇਹ ਸਬਕ ਆਸ਼ਕੀ ਦਾ
ਕਦੇ ਵੀ ਨਹੀਂ ਮੌਤ ਪਾਸੋਂ ਡਰੀਦਾ।

ਤਿਰੀ ਯਾਦ ਨੂੰ ਹੁਣ ਤਿਰੇ ਆਸ਼ਕਾਂ ਨੇ
ਬਣਾਇਆ ਏ ਸਾਥੀ ਗ਼ਮੀ ਦਾ ਖੁਸ਼ੀ ਦਾ।

ਬਣੀ ਹੋਵੇ ਜੇਕਰ ਤੇ ਸਭ ਯਾਰ ਬਣਦੇ
ਕੋਈ ਯਾਰ ਨਹੀਂ ਬਣਦਾ ਨਹੀਂ ਪਰ ਬਣੀ ਦਾ।

ਸਮਝ ਮੈਨੂੰ ਹਮਦਰਦ ਆਂਦੀ ਨਹੀਂ ਹੈ
ਕਿ ਦੁਸ਼ਮਣ ਹੈ ਕਿਉਂ ਆਦਮੀ ਆਦਮੀ ਦਾ।

Surjit Paattar Poem


 ਇਕ ਰੋਜ਼ ਜਹਾਨੋਂ ਜਾਣਾ ਹੈ
ਜਾ ਕਬਰੇ ਵਿਚ ਸਮਾਣਾ ਹੈ
ਤੇਰਾ ਗੋਸ਼ਤ ਕੀਡ਼ਿਆਂ ਖਾਣਾ ਹੈ
ਕਰ ਚੇਤਾ ਮ੍ਰਿਗ ਵਿਸਾਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ।
ਤੇਰਾ ਸਾਹਾ ਨੇਡ਼ੇ ਆਇਆ ਹੈ
ਕੁਝ ਚੋਲੀ ਦਾਜ ਰੰਗਾਇਆ ਹੈ
ਕੀਹ ਅਪਨਾ ਆਪ ਵੰਜਾਇਆ ਹੈ
ਐ ਗ਼ਾਫਿਲ ਤੈਨੂੰ ਸਾਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ।
ਤੂੰ ਸੁੱਤਿਆਂ ਉਮਰ ਵੰਜਾਈ ਏ
ਤੇਰੀ ਸਾਇਤ ਨੇਡ਼ੇ ਆਈ ਏ
ਤੂੰ ਚਰਖੇ ਤੰਦ ਨਾ ਪਾਈ ਏ
ਕੀਹ ਕਰਸੇਂ ਦਾਜ ਤਿਆਰ ਨਹੀਂ
ਉਠ ਜਾਗ ਘੁਰਾਡ਼ੇ ਮਾਰ ਨਹੀਂ
ਇਹ ਸੋਣ ਤੇਰੇ ਦਰਕਾਰ ਨਹੀਂ।

ਉਠ ਗਏ ਗਵਾਢੋਂ ਯਾਰ ਰੱਬਾ ਹੁਣ ਕੀ ਕਰੀਏ
ਉਠ ਚਲੇ ਹੁਣ ਰਹਿੰਦੇ ਨਾਹੀਂ
ਹੋਇਆ ਸਾਥ ਤਿਆਰ
ਰੱਬਾ ਹੁਣ ਕੀ ਕਰੀਏ
ਉਠ ਗਏ ਗਵਾਢੋਂ ਯਾਰ ਰੱਬਾ ਹੁਣ ਕੀ ਕਰੀਏ
ਵਾਢ ਕਲੇਜੇ ਪਲ ਪਲ ਉਠੇ
ਭਡ਼ਕੇ ਬਿਰਹੋਂ ਨਾਰ
ਰੱਬਾ ਹੁਣ ਕੀ ਕਰੀਏ
ਉਠ ਗਏ ਗਵਾਢੋਂ ਯਾਰ ਰੱਬਾ ਹੁਣ ਕੀ ਕਰੀਏ
ਬੁਲ੍ਹਾਂ ਸ਼ੌਹ ਪਿਆਰੇ ਬਾਝੋਂ
ਨਾ ਰਹੇ ਪਾਰ ਉਰਾਰ
ਰੱਬਾ ਹੁਣ ਕੀ ਕਰੀਏ
ਉਠ ਗਏ ਗਵਾਢੋਂ ਯਾਰ ਰੱਬਾ ਹੁਣ ਕੀ ਕਰੀਏ

ਕੁੰਨ ਫੈਕੋਨੋ ਅੱਗੇ ਦੀਆਂ ਲੱਗੀਆਂ
ਨਿਉਂਨ ਨਾ ਲੱਗਿਆ ਚੋਰੀ ਦਾ
ਇਕ ਰਾਂਝਾ ਮੈਨੂੰ ਲੋਡ਼ੀਦਾ
ਆਪ ਛਿਡ਼ ਜਾਂਦਾ ਨਾਲ ਮੱਝੀਂ ਦੇ
ਸਾਨੂੰ ਕਿਉਂ ਬੇਲਿਓਂ ਮੋਡ਼ੀ ਦਾ
ਇਕ ਰਾਂਝਾ ਮੈਨੂੰ ਲੋਡ਼ੀਦਾ
ਰਾਝੇਂ ਜਿਹਾ ਮੈਨੂੰ ਹੋਰ ਨਾ ਕੋਈ
ਮਿੰਨਤਾਂ ਕਰ ਕਰ ਮੋਡ਼ੀਦਾ
ਇਕ ਰਾਂਝਾ ਮੈਨੂੰ ਲੋਡ਼ੀਦਾ
ਸਾਨੂੰ ਲਿਆ ਦੇ ਨੈਨ ਸਲੋਕੇ
ਸੂਹਾ ਦੁਪੱਟਾ ਗੋਰੀ ਦਾ
ਇਕ ਰਾਂਝਾ ਮੈਨੂੰ ਲੋਡ਼ੀਦਾ
ਅਹਿਮਦ ਅਹਿਦ ਵਿਚ ਫਰਕ ਨਾ ਬੁਲ੍ਹਿਆ
ਰੱਤੀ ਕੁ ਭੇਤ ਮਰੋਡ਼ੀ ਦਾ
ਇਕ ਰਾਂਝਾ ਮੈਨੂੰ ਲੋਡ਼ੀਦਾ

ਆਓ ਨੀ ਸੱਯੀਓ ਰਲ ਦਿਓ ਨੀ ਵਧਾਈ
ਮੈਂ ਵਰ ਪਾਇਆ ਰਾਂਝਣ ਮਾਹੀ
ਅੱਜ ਤਾਂ ਰੋਜ਼ ਮੁਬਾਰਕ ਚਡ਼੍ਹਿਆ
ਰਾਂਝਣ ਸਾਡੇ ਵਿਹਡ਼ੇ ਵਡ਼ਿਆ
ਹੱਥ ਖੂੰਡੀ ਮੋਹਡੇ ਕੰਬਲ ਧਰਿਆ
ਚਾਕਾਂ ਵਾਲੀ ਸ਼ਕਲ ਬਨਾਈ
ਆਓ ਨੀ ਸੱਯੀਓ ਰਲ ਦਿਓ ਨੀ ਵਧਾਈ
ਮੈਂ ਵਰ ਪਾਇਆ ਰਾਂਝਣ ਮਾਹੀ
ਮੁਕਟ ਗਊਆਂ ਦੇ ਵਿਚ ਰੁਲਦਾ
ਜੰਗਲ ਜੂਹਾਂ ਦੇ ਵਿਚ ਰੁਲਦਾ
ਹੈ ਕੋਈ ਅੱਲਾ ਦੇ ਵੱਲ ਭੁਲਦਾ
ਅਸਲ ਹਕੀਕਤ ਖਬਰ ਨਾ ਕਾਈ
ਆਓ ਨੀ ਸੱਯੀਓ ਰਲ ਦਿਓ ਨੀ ਵਧਾਈ
ਮੈਂ ਵਰ ਪਾਇਆ ਰਾਂਝਣ ਮਾਹੀ
ਬੁਲ੍ਹੇ ਨੇ ਇਕ ਸੌਦਾ ਕੀਤਾ
ਕੀਤਾ ਜ਼ਹਿਰ ਪਿਆਲਾ ਪੀਤਾ
ਨਾ ਕੁਝ ਲਾਹਾ ਟੋਟਾ ਲੀਤਾ
ਦਰਦ ਦੁੱਖਾਂ ਦੀ ਗਠਡ਼ੀ ਚਾਈ
ਆਓ ਨੀ ਸੱਯੀਓ ਰਲ ਦਿਓ ਨੀ ਵਧਾਈ
ਮੈਂ ਵਰ ਪਾਇਆ ਰਾਂਝਣ ਮਾਹੀ

ਬੱਸ ਕਰ ਜੀ ਹੁਣ ਬੱਸ ਕਰ ਜੀ
ਇਕ ਬਾਤ ਅਸਾਂ ਨਾਲ ਹੱਸ ਕਰ ਜੀ
ਤੁਸੀਂ ਦਿਲ ਵਿਚ ਮੇਰੇ ਵਸਦੇ ਹੋ
ਮੁਡ਼ ਸਾਥੋਂ ਦੂਰ ਕਿਉਂ ਨਸਦੇ ਹੋ
ਪਹਿਲਾਂ ਘਤ ਜਾਦੂ ਦਿਲ ਖਸਦੇ ਹੋ
ਹੁਣ ਕਿਤ ਵੱਲ ਜਾਸੋ ਨੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਇਕ ਬਾਤ ਅਸਾਂ ਨਾਲ ਹੱਸ ਕਰ ਜੀ
ਤੁਸੀਂ ਮੋਇਆਂ ਨੂੰ ਮਾਰ ਮਕੇਂਦੇ ਸੀ
ਨਿੱਤ ਖਿੱਦੂ ਵਾਂਗ ਕੁਟੇਂਦੇ ਸੀ
ਗੱਲ ਕਰਦੀ ਤਾਂ ਗਲ ਘੁਟੇਂਦੇ ਸੀ
ਹੁਣ ਤੀਰ ਲਗਾਓ ਕੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਇਕ ਬਾਤ ਅਸਾਂ ਨਾਲ ਹੱਸ ਕਰ ਜੀ
ਤੁਸੀਂ ਛੁਪਦੇ ਹੋ ਅਸਾਂ ਪਕਡ਼ੇ ਹੋ
ਅਸਾਂ ਜਿਗ਼ਰ ਦੇ ਜਕਡ਼ੇ ਹੋ
ਤੁਸੀਂ ਅਜੇ ਛਿਪਣ ਤੋਂ ਤਕਡ਼ੇ ਹੋ
ਹੁਣ ਜਾਨ ਨਾ ਮਿਲਦਾ ਨੱਸ ਕਰ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਇਕ ਬਾਤ ਅਸਾਂ ਨਾਲ ਹੱਸ ਕਰ ਜੀ
ਬੁਲ੍ਹਾ ਸ਼ੌਹ ਅਸੀਂ ਤੇਰੇ ਹਾਂ ਬਰਦੇ
ਤੇਰਾ ਮੁਖ ਵੇਖਣ ਨੂੰ ਹਾਂ ਮਰਦੇ
ਨਿੱਤ ਸੋ ਸੋ ਮਿੰਨਤਾਂ ਹਾਂ ਕਰਦੇ
ਹੁਣ ਬੈਠੋ ਪਿੰਜਰ ਮੇਂ ਧਸ ਜੀ
ਬੱਸ ਕਰ ਜੀ ਹੁਣ ਬੱਸ ਕਰ ਜੀ
ਇਕ ਬਾਤ ਅਸਾਂ ਨਾਲ ਹੱਸ ਕਰ ਜੀ

ਨਾ ਮੈਂ ਮੋਮਨ ਵਿਚ ਮਸੀਤਾਂ
ਨਾ ਮੈਂ ਵਿਚ ਕੁਫਰ ਦੀਆਂ ਰੀਤਾਂ
ਨਾ ਮੈਂ ਪਾਕਾਂ ਵਿਚ ਪਲੀਤਾਂ
ਨਾ ਮੈਂ ਮੂਸਾ ਨਾ ਫਰਊਨ
ਬੁਲ੍ਹਿਆ ਕੀਹ ਜਾਣਾ ਮੈਂ ਕੋਣ
ਨਾ ਮੈਂ ਅੰਦਰ ਬੇਦ ਕਿਤਾਬਾਂ
ਨਾ ਮੈਂ ਭੰਗਾਂ ਵਿਚ ਸ਼ਰਾਬਾਂ
ਨਾ ਵਿਚ ਰਹਿੰਦਾ ਮਸਤ ਖਰਾਬਾਂ
ਨਾ ਵਿਚ ਜਾਗਨ ਨਾ ਵਿਚ ਸੋਣ
ਬੁਲ੍ਹਿਆ ਕੀਹ ਜਾਣਾ ਮੈਂ ਕੋਣ
ਨਾ ਵਿਚ ਸ਼ਾਦੀ ਨਾ ਗ਼ਮਨੀਕੀ
ਨਾ ਮੈਂ ਵਿਚ ਪਲੀਤੀ ਪਾਕੀ
ਨਾ ਮੈਂ ਆਬੀ ਨਾ ਮੈਂ ਖਾਕੀ
ਨਾ ਮੈਂ ਆਤਿਸ਼ ਨਾ ਮੈਂ ਪੌਣ
ਬੁਲ੍ਹਿਆ ਕੀਹ ਜਾਣਾ ਮੈਂ ਕੋਣ
ਨਾ ਮੈਂ ਅਰਬੀ ਨਾ ਲਾਹੌਰੀ
ਨਾ ਮੈਂ ਹਿੰਦੀ ਸ਼ਹਿਰੀ ਨਾਗੌਰੀ
ਨਾ ਮੈਂ ਹਿੰਦੂ ਤੁਰਕ ਪਸ਼ੌਰੀ
ਨਾ ਮੈਂ ਰਹਿੰਦਾ ਵਿਚ ਨਦੌਨ
ਬੁਲ੍ਹਿਆ ਕੀਹ ਜਾਣਾ ਮੈਂ ਕੋਣ
ਨਾ ਮੈਂ ਭੇਤ ਮਜ੍ਹਬ ਦਾ ਪਾਇਆ
ਮਾ ਮੈਂ ਆਦਮ ਹੱਉਆ ਜਾਇਆ
ਨਾ ਮੈਂ ਅਪਣਾ ਨਾਮ ਧਿਆਇਆ
ਨਾ ਵਿਚ ਬੈਠਣ ਨਾ ਵਿਚ ਸੌਣ
ਬੁਲ੍ਹਿਆ ਕੀਹ ਜਾਣਾ ਮੈਂ ਕੋਣ
ਅੱਵਲ ਆਖ਼ਿਰ ਆਪ ਨੂੰ ਜਾਣਾ
ਨਾ ਕੋਈ ਦੂਜਾ ਹੋਰ ਪਛਾਣਾ
ਮੈਥੋਂ ਹੋਰ ਨਾ ਕੋਈ ਸਿਆਣਾ
ਬੁਲ੍ਹਿਆ ਸ਼ੌਹ ਖਡ਼੍ਹਾ ਹੈ ਕੌਣ ?
ਬੁਲ੍ਹਿਆ ਕੀਹ ਜਾਣਾ ਮੈਂ ਕੋਣ

ਬੌਹਡ਼ੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ
ਭਰੇ ਕੇ ਜ਼ਹਿਰ ਪਿਆਲਾ ਪੀਤਾ
ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਛੁਪ ਗਿਆ ਸੂਰਜ ਰਸੀਆ ਲਾਲੀ
ਹੋਵਾਂ ਸਦਕੇ ਜੇ ਮੁਡ਼ ਦੇ ਵਿਖਾਲੀ
ਮੈਂ ਭੁਲ ਗਈ ਤੇਰੇ ਨਾਲ ਨਾ ਗਈਆਂ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾ
ਏਹ ਸਿਰ ਆਇਆ ਮੇਰਾ ਹੇਠ ਵਦਾਨਾ
ਸੱਟ ਪਈ ਜਾਂ ਇਸ਼ਕ ਦੀ ਤਾਂ ਕੂਕਾਂ ਦੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ
ਬੁਲ੍ਹਾ ਸ਼ੌਹ ਤਾਂ ਆਹਦਾਂ ਨੀ ਮੈਂ ਆਪ ਅਨਾਇਤ ਹੋਈ
ਜਿਸ ਮੈਨੂੰ ਪਹਿਨਾਏ ਨੀ ਕੋਈ ਸਾਲੂ ਸੂਈ
ਜਾਂ ਮੈਂ ਲਾਹੀ ਆਂਦੀ ਨੀ ਮੈਨੂੰ ਮਿਲਿਆ ਦੱਈਆ
ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ

ਪੀਆ ਪੀਆ ਕਰਤੇ ਹਮੀਂ ਪੀਆ ਹੂਏ
ਅਬ ਪੀਆ ਕਿਸ ਨੂੰ ਕਹੀਏ
ਹਿਜ਼ਰ ਵਸਲ ਹਮ ਦੋਨੋ ਛੋਡ਼ੇ ਅਬ ਕਿਸ ਕੇ ਹੋ ਰਹੀਏ
ਪੀਆ ਪੀਆ ਕਰਤੇ ਹਮੀਂ ਪੀਆ ਹੂਏ
ਅਬ ਪੀਆ ਕਿਸ ਨੂੰ ਕਹੀਏ
ਮਜਨੂੰ ਲਾਅਲ ਦੀਵਾਨੇ ਵਾਂਗੂ ਅਬ ਲੈਲਾ ਰਹੀਏ
ਪੀਆ ਪੀਆ ਕਰਤੇ ਹਮੀਂ ਪੀਆ ਹੂਏ
ਅਬ ਪੀਆ ਕਿਸ ਨੂੰ ਕਹੀਏ
ਬੁਲ੍ਹਾ ਸ਼ੌਹ ਘਰ ਮੇਰੇ ਆਏ ਅਬ ਤਾਅਨੇ ਕਿਉਂ ਸਹੀਏ
ਪੀਆ ਪੀਆ ਕਰਤੇ ਹਮੀਂ ਪੀਆ ਹੂਏ
ਅਬ ਪੀਆ ਕਿਸ ਨੂੰ ਕਹੀਏ

ਸਾਡੇ ਵੱਲ ਮੁਖਡ਼ਾ ਮੋਡ਼
ਆਪੇ ਲਾਈਆਂ ਕੁੰਡੀਆਂ ਤੈਂ ਤੇ
ਆਪੇ ਖਿੱਚਦਾ ਹੈਂ ਡੋਰ
ਸਾਡੇ ਵੱਲ ਮੁਖਡ਼ਾ ਮੋਡ਼ ਪਿਆਰੇ ਸਾਡੇ ਵੱਲ ਮੁਖਡ਼ਾ ਮੋਡ਼
ਅਰਸ਼ ਤੇ ਕੁਰਸੀ ਬਾਂਗਾਂ ਮਿਲੀਆਂ
ਮੱਕੇ ਪੈ ਗਿਆ ਸ਼ੋਰ
ਸਾਡੇ ਵੱਲ ਮੁਖਡ਼ਾ ਮੋਡ਼ ਪਿਆਰੇ ਸਾਡੇ ਵੱਲ ਮੁਖਡ਼ਾ ਮੋਡ਼
ਡੋਲੀ ਪਾ ਕੇ ਲੈ ਚੱਲੇ ਖੇਡ਼ੇ
ਨਾ ਕੁਝ ਉਜਰ ਨਾ ਜ਼ੋਰ
ਸਾਡੇ ਵੱਲ ਮੁਖਡ਼ਾ ਮੋਡ਼ ਪਿਆਰੇ ਸਾਡੇ ਵੱਲ ਮੁਖਡ਼ਾ ਮੋਡ਼
ਜੇ ਮਾਏ ਤੈਨੂੰ ਖੇਡ਼ੇ ਪਿਆਰੇ
ਡੋਲੀ ਪਾ ਦੇਹ ਕੋਈ ਹੋਰ
ਸਾਡੇ ਵੱਲ ਮੁਖਡ਼ਾ ਮੋਡ਼ ਪਿਆਰੇ ਸਾਡੇ ਵੱਲ ਮੁਖਡ਼ਾ ਮੋਡ਼
ਬੁਲ੍ਹਾ ਸ਼ੌਹ ਅਸਾਂ ਮਰਨਾ ਨਾਹੀਂ
ਵੇ ਮਰ ਗਿਆ ਕੋਈ ਹੋਰ
ਸਾਡੇ ਵੱਲ ਮੁਖਡ਼ਾ ਮੋਡ਼ ਪਿਆਰੇ ਸਾਡੇ ਵੱਲ ਮੁਖਡ਼ਾ ਮੋਡ਼

ਜਾਂ ਮੈਂ ਸਬਕ ਇਸ਼ਕ ਦਾ ਪਡ਼੍ਹਿਆ
ਮਸਜਿਦ ਕੋਲੋਂ ਜੀਉਡ਼ਾ ਡਰਿਆ
ਜਾਏ ਠਾਕਰ ਦਵਾਰੇ ਵਡ਼ਿਆ
ਜਿਥੇ ਵਜਦੇ ਨਾਦ ਹਜ਼ਾਰ
ਇਸ਼ਕ ਦੀ ਨਵੀਓਂ ਨਵੀਂ ਬਹਾਰ
ਜਾਂ ਮੈਂ ਰਮਜ਼ ਇਸ਼ਕ ਦੀ ਪਾਈ
ਤੋਤਾ ਮੈਨਾ ਮਾਰ ਗਵਾਈ
ਅੰਦਰ ਬਾਹਰ ਹੋਈ ਸਫਾਈ
ਜਿਸ ਵਲ ਵੇਖਾਂ ਯਾਰੋ ਯਾਰ
ਇਸ਼ਕ ਦੀ ਨਵੀਓਂ ਨਵੀਂ ਬਹਾਰ
ਹੀਰ ਰਾਂਝੇ ਦੇ ਹੋ ਗਏ ਮੇਲੇ
ਭੁੱਲੀ ਹੀਰ ਢੂੰਢੇਦੀ ਬੇਲੇ
ਰਾਝਾਂ ਯਾਰ ਬੁੱਕਲ ਵਿਚ ਖੇਲੇ
ਕੋਈ ਸੁਧ ਨਾ ਸਾਰ
ਇਸ਼ਕ ਦੀ ਨਵੀਓਂ ਨਵੀਂ ਬਹਾਰ
ਬੇਦ ਕੁਰਾਮਾਂ ਪਡ਼੍ਹ ਪਡ਼੍ਹ ਥੱਕੇ
ਸਜਦੇ ਕਰਦਿਆਂ ਘਸ ਗਏ ਮੱਥੇ
ਨਾ ਰੱਬ ਤੀਰਥ ਨਾ ਰੱਬ ਮੱਕੇ
ਜਿਸ ਪਾਇਆ ਤੁਸ ਨੂਰ ਅਨੁਵਾਰ
ਇਸ਼ਕ ਦੀ ਨਵੀਓਂ ਨਵੀਂ ਬਹਾਰ
ਫੂਕ ਮੁਸੱਲਾ ਭੰਨ ਸੁਟ ਲੋਟਾ
ਨਾ ਫਡ਼ ਤਸਬੀ ਕਾਸਾ ਸੋਟਾ
ਇਸ਼ਕ ਕਹਿੰਦੇ ਦੇ ਦੇ ਹੋਕਾ
ਤਰਕ ਹਲਾਲੋਂ ਖਾਹ ਮੁਰਦਾਰ
ਇਸ਼ਕ ਦੀ ਨਵੀਓਂ ਨਵੀਂ ਬਹਾਰ
ਉਮਰ ਗਵਾਈ ਵਿਚ ਮਸੀਤੀ
ਅੰਦਰ ਭਰਿਆ ਲਾਲ ਪਲੀਤੀ
ਕਦੇ ਤੌਹੀਦ ਨਮਾਜ਼ ਨਾ ਕੀਤੀ
ਹੁਣ ਕੀਹ ਕਰਨਾ ਈ ਸ਼ੋਰ ਪੁਕਾਰ
ਇਸ਼ਕ ਦੀ ਨਵੀਓਂ ਨਵੀਂ ਬਹਾਰ
ਇਸ਼ਕ ਭੁਲਾਇਆ ਸਜਦਾ ਤੇਰਾ
ਹੁਣ ਕਿਉਂ ਐਵੇਂ ਪਾਵੇਂ ਝੇਡ਼ਾ
ਬੁਲ੍ਹਾ ਹੁੰਦਾ ਚੁੱਪ ਹੈ ਤੇਰਾ
ਇਸ਼ਕ ਕਰੇਂਦਾ ਮਾਰੋ ਮਾਰ
ਇਸ਼ਕ ਦੀ ਨਵੀਓਂ ਨਵੀਂ ਬਹਾਰ

ਹਾਜ਼ੀ ਲੋਕ ਮੱਕੇ ਨੂੰ ਜਾਂਦੇ
ਮੇਰਾ ਰਾਝਣ ਮਾਹੀ ਮੱਕਾ
ਨੀ ਮੈਂ ਕਮਲੀ ਹਾਂ
ਮੈਂ ਮੰਗ ਰਾਂਝੇ ਦੀ ਹੋਈਆਂ
ਮੇਰਾ ਬਾਬਲ ਕਰਦਾ ਧੱਕਾ
ਨੀ ਮੈਂ ਕਮਲੀ ਹਾਂ
ਮੇਰਾ ਰਾਝਣ ਮਾਹੀ ਮੱਕਾ

ਘੂੰਗਟ ਚੁੱਕ ਲੈ ਸਜੱਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਜ਼ੁਲਫ ਕੁੰਡਲ ਨੇ ਘੇਰਾ ਪਾਇਆ
ਬਸ਼ੀਰ ਹੋ ਕੇ ਡੰਗ ਚਲਾਇਆ
ਵੇਖ ਅਸਾਂ ਵਲ ਤਰਸ ਨਾ ਆਇਆ
ਕਰ ਕੇ ਖੂਨੀ ਅੱਖੀਆਂ ਵੇ
ਘੂੰਗਟ ਚੁੱਕ ਲੈ ਸਜੱਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਦੋ ਨੈਣਾਂ ਦਾ ਤੀਰ ਚਲਾਇਆ
ਮੈਂ ਆਜਿਜ਼ ਦੇ ਸੀਨੇ ਲਾਇਆ
ਘਾਇਲ ਕਰਕੇ ਮੁਖ ਛੁਪਾਇਆ
ਚੋਰੀਆਂ ਏਹ ਕਿਨ੍ਹ ਦੱਸੀਆਂ ਵੇ
ਘੂੰਗਟ ਚੁੱਕ ਲੈ ਸਜੱਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਬਿਰਹੋਂ ਕਟਾਰੀ ਤੂੰ ਕੱਸ ਕੇ ਮਾਰੀ
ਤਦ ਮੈਂ ਹੋਈਆਂ ਬੇਦਿਲ ਭਾਰੀ
ਮੁਡ਼ ਨਾ ਲਈ ਤੂੰ ਸਾਰ ਹਮਾਰੀ
ਬਤੀਆਂ ਤੇਰੀਆਂ ਕੱਚੀਆਂ ਵੇ
ਘੂੰਗਟ ਚੁੱਕ ਲੈ ਸਜੱਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਨਿਉਂਹ ਲਗਾ ਕੇ ਮਨ ਹਰ ਲੀਤਾ
ਫੇਰ ਨਾ ਅਪਨਾ ਦਰਸ਼ਨ ਦੀਤਾ
ਜ਼ਹਿਰ ਪਿਆਲਾ ਮੈਂ ਆ ਪੀਤਾ
ਅਕਲੋਂ ਸੀ ਮੈਂ ਕੱਚੀਆਂ ਵੇ
ਘੂੰਗਟ ਚੁੱਕ ਲੈ ਸਜੱਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ
ਸ਼ਾਹ ਅਨਾਇਤ ਮੁਖੋਂ ਨਾ ਬੋਲਾਂ
ਸੂਰਤ ਤੇਰੀ ਹਰ ਦਿਲ ਟੋਲਾਂ
ਸਾਬਤ ਹੋ ਕੇ ਫੇਰ ਕਿਉਂ ਡੋਲਾਂ
ਅੱਜ ਕੌਲੋਂ ਮੈਂ ਸੱਚੀਆਂ ਵੇ
ਘੂੰਗਟ ਚੁੱਕ ਲੈ ਸਜੱਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ